ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰਾਖੰਡ ਵਿਚ ਭਾਰੀ ਮੀਂਹ ਦੇ ਚੱਲਦਿਆਂ ਹਾਲਾਤ ਬੇਹੱਦ ਖਰਾਬ ਹੋ ਗਏ ਹਨ ਅਤੇ ਦੋ ਦਿਨਾਂ ਵਿਚ 24 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਉਤਰਾਖੰਡ ਦਾ ਕਮਾਊਂ ਇਲਾਕਾ ਮੀਂਹ ਨਾਲ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿੱਥੇ ਕਈ ਮਕਾਨ ਢਹਿ ਗਏ ਅਤੇ ਮਲਬੇ ਹੇਠਾਂ ਕਈ ਵਿਅਕਤੀਆਂ ਦੇ ਦਬੇ ਹੋਣ ਦੀ ਖਬਰ ਵੀ ਆ ਰਹੀ ਹੈ। ਭਾਰੀ ਮੀਂਹ ਦੇ ਚੱਲਦਿਆਂ ਨੈਨੀਤਾਲ ਜ਼ਿਲ੍ਹੇ ਵਿਚ ਕਾਠਗੋਦਾਮ ਰੇਲਵੇ ਸਟੇਸ਼ਨ ਨੂੰ ਜੋੜਨ ਵਾਲੀ ਰੇਲਵੇ ਲਾਈਨ ਵੀ ਪਾਣੀ ਵਿਚ ਰੁੜ ਗਈ ਅਤੇ ਨੈਨੀਤਾਲ ਦੀਆਂ ਸੜਕਾਂ ’ਤੇ ਵੀ ਪਾਣੀ ਭਰ ਗਿਆ ਹੈ। ਪਹਾੜਾਂ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਹਰਿਦੁਆਰ ਵਿਚ ਗੰਗਾ ਨਦੀ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ। ਇਸੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆ ਦਾ ਹਵਾਈ ਦੌਰਾ ਵੀ ਕੀਤਾ। ਉਧਰ ਦੂੁਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਅਤੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਸੂਬੇ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।