ਕਿਹਾ – ਕੋਈ ਵੀ ਸਾਜ਼ਿਸ਼ ਮੈਨੂੰ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦੀ
ਝਾਲਦਾ (ਪੱਛਮੀ ਬੰਗਾਲ)/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਕੋਈ ਵੀ ਸਾਜ਼ਿਸ਼ ਉਨ੍ਹਾਂ ਨੂੰ ਸੂਬੇ ਦੀਆਂ ਅਗਾਮੀ ਅਸੈਂਬਲੀ ਚੋਣਾਂ ਲਈ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦੀ। ਬੈਨਰਜੀ ਨੇ ਕਿਹਾ ਕਿ ਉਹ ਭਾਜਪਾ ਖਿਲਾਫ ਲੜਾਈ ਨੂੰ ਜਾਰੀ ਰੱਖੇਗੀ। ਨੰਦੀਗ੍ਰਾਮ ਵਿਚ ਪਿਛਲੇ ਹਫਤੇ ਕਥਿਤ ਧੱਕਾ-ਮੁੱਕੀ ਦੌਰਾਨ ਜ਼ਖ਼ਮੀ ਹੋਣ ਮਗਰੋਂ ਆਪਣੀ ਪਲੇਠੀ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀ ਆਵਾਜ਼ ਤੇ ਦਿਲ ਕੰਮ ਕਰਦਾ ਹੈ, ਉਹ ਆਪਣੀ ਇਸ ਲੜਾਈ ਨੂੰ ਜਾਰੀ ਰੱਖੇਗੀ। ਮੁੱਖ ਮੰਤਰੀ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਕੁਝ ਦਿਨਾਂ ਦੀ ਉਡੀਕ ਕਰੋ, ਮੇਰੀਆਂ ਲੱਤਾਂ ਪਹਿਲਾਂ ਨਾਲੋਂ ਠੀਕ ਹੋ ਜਾਣਗੀਆਂ। ਮੈਂ ਵੇਖਾਂਗੀ ਕਿ ਤੁਹਾਡੀਆਂ ਲੱਤਾਂ ਬੰਗਾਲ ਦੀ ਸਰਜ਼ਮੀਂ ‘ਤੇ ਕਿਵੇਂ ਖੁੱਲ੍ਹੇਆਮ ਚੱਲਦੀਆਂ ਹਨ। ਪੁਰੂਲੀਆ ਜ਼ਿਲ੍ਹੇ ਵਿੱਚ ਵ੍ਹੀਲਚੇਅਰ ‘ਤੇ ਬੈਠਿਆਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਸਾਜ਼ਿਸ਼ ਉਨ੍ਹਾਂ ਦੇ ਵਧਦੇ ਕਦਮਾਂ ਨੂੰ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਅਸੈਂਬਲੀ ਚੋਣਾਂ ਜਿੱਤਣ ਲਈ ਭਾਜਪਾ ਦਿੱਲੀ ਤੋਂ ਆਪਣੇ ਕਈ ਆਗੂਆਂ ਨੂੰ ਲੈ ਕੇ ਪੁੱਜੀ ਹੈ। ਮਮਤਾ ਨੇ ਕਿਹਾ ਕਿ ਮੈਂ ਆਖਦੀ ਹਾਂ ਕਿ ਬੰਗਾਲ ਤੁਹਾਡੇ ਹੱਥ ਨਹੀਂ ਆਉਣਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਸੂਬੇ ਵਿੱਚ ਵਿਕਾਸ ਤੇ ਭਲਾਈ ਦੇ ਕਈ ਕੰਮ ਕੀਤੇ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …