Breaking News
Home / ਭਾਰਤ / ਆਪ ਦਾ ‘ਮਾਨ’ ਸੰਸਦ ਵਿਚ ਬਦਨਾਮ

ਆਪ ਦਾ ‘ਮਾਨ’ ਸੰਸਦ ਵਿਚ ਬਦਨਾਮ

12207CD-_MRB_DEL_MONSOON-SESSION-OF-PARLIAMENT__27-1ਲੋਕ ਸਭਾ ਅਤੇ ਰਾਜ ਸਭਾ ਵਿੱਚ ਅਕਾਲੀ ਦਲ ਸਮੇਤ ਹੁਕਮਰਾਨ ਧਿਰ ਵੱਲੋਂ ਜ਼ੋਰਦਾਰ ਹੰਗਾਮਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਦੀ ਵੀਡੀਓ ਬਣਾਏ ਜਾਣ ‘ਤੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ। ਹੁਕਮਰਾਨ ਗੱਠਜੋੜ ਐਨਡੀਏ ਦੇ ਜ਼ਿਆਦਾਤਰ ਸੰਸਦ ਮੈਂਬਰਾਂ, ਜਿਨ੍ਹਾਂ ਵਿਚ ਅਕਾਲੀ ਦਲ ਦੇ ਮੈਂਬਰ ਵੀ ਸ਼ਾਮਲ ਹਨ, ਨੇ ਭਗਵੰਤ ਮਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸੰਸਦ ਦੀ ਕਾਰਵਾਈ ਨੂੰ ਠੱਪ ਕਰ ਦਿੱਤਾ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਜਿਨ੍ਹਾਂ ਕੋਲੋਂ ਸ੍ਰੀ ਮਾਨ ਨੇ ਬਿਨਾ ਸ਼ਰਤ ਮੁਆਫ਼ੀ ਮੰਗ ਲਈ ਹੈ, ਨੇ ਵੀਡੀਓ ਬਣਾਉਣ ਦੀ ਘਟਨਾ ਨੂੰ ਗੰਭੀਰ ਮੁੱਦਾ ਕਰਾਰ ਦਿੰਦਿਆਂ ਵਿਰੋਧ ਕਰ ਰਹੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਜ਼ਰੂਰ ਕੋਈ ਕਾਰਵਾਈ ਕੀਤੀ ਜਾਵੇਗੀ। ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੁੰਦਿਆਂ ਸਾਰ ਅਕਾਲੀ ਦਲ, ਭਾਜਪਾ ਅਤੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਭਗਵੰਤ ਮਾਨ ਨੇ ਸੰਸਦ ਦੇ ਰਾਹ ਅਤੇ ਉਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਕੇ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਮੈਂਬਰਾਂ ਨੇ ਵੀ ‘ਆਪ’ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਲੋਕ ਸਭਾ ਜਦੋਂ ਜੁੜੀ ਤਾਂ ਐਨਡੀਏ ਦੇ ਮੈਂਬਰਾਂ ਨੇ ਭਗਵੰਤ ਮਾਨ ਦੇ ਕਾਰੇ ਨੂੰ ਸੁਰੱਖਿਆ ਵਿਚ ਸੰਨ੍ਹ ਦਾ ਮਾਮਲਾ ਕਰਾਰ ਦਿੱਤਾ। ਭਾਜਪਾ ਦੇ ਕਿਰਤ ਸੋਮੱਈਆ ਨੇ ਉਸ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਜਦੋਂ ਕਿ ਉਸ ਦੇ ਪਾਰਟੀ ਸਾਥੀ ਆਰ ਕੇ ਸਿੰਘ (ਸਾਬਕਾ ਗ੍ਰਹਿ ਸਕੱਤਰ) ਨੇ ਕਿਹਾ ਕਿ ‘ਆਪ’ ਮੈਂਬਰ ਨੇ ਸੰਸਦ ਕੰਪਲੈਕਸ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਉਨ੍ਹਾਂ ਮਾਨ ਖ਼ਿਲਾਫ਼ ਮਰਿਆਦਾ ਦੀ ਉਲੰਘਣਾ ਦਾ ਮਤਾ ਲਿਆਉਣ ਦੀ ਮੰਗ ਕੀਤੀ।
ਐਨਡੀਏ ਮੈਂਬਰ ਜਦੋਂ ਇਹ ਮੁੱਦਾ ਉਠਾ ਰਹੇ ਸਨ ਤਾਂ ਆਰਜੇਡੀ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਤਖ਼ਤੀਆਂ ਲੈ ਕੇ ਸਪੀਕਰ ਦੇ ਆਸਣ ਮੂਹਰੇ ਪਹੁੰਚ ਗਏ। ਉਹ ਤਰੱਕੀਆਂ ਵਿਚ ਰਾਖਵੇਂਕਰਨ ਸਬੰਧੀ ਬਿਲ ਨੂੰ ਪਾਸ ਕਰਨ ‘ਚ ਹੋ ਰਹੀ ਦੇਰੀ ‘ਤੇ ਆਪਣੀ ਨਾਰਾਜ਼ਗੀ ਜਤਾ ਰਹੇ ਸਨ। ਰੌਲੇ ਰੱਪੇ ਵਿਚਕਾਰ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਵਕਫ਼ੇ ਦੌਰਾਨ ਭਗਵੰਤ ਮਾਨ ਨੇ ਸਪੀਕਰ ਨਾਲ ਮੁਲਾਕਾਤ ਕਰਕੇ ਮੁਆਫ਼ੀ ਮੰਗੀ।
ਸਦਨ ਜਦੋਂ ਦੁਬਾਰਾ ਜੁੜਿਆ ਤਾਂ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਅਤੇ ਉਨ੍ਹਾਂ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ, ”ਕੋਈ ਨਾ ਕੋਈ ਕਾਰਵਾਈ ਕਰੇਂਗੇ।” ਨਾਲ ਹੀ ਕਿਹਾ ਕਿ ਸੰਸਦ ਦੀ ਸੁਰੱਖਿਆ ਲਈ 13 ਵਿਅਕਤੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਉਨ੍ਹਾਂ ਦਾ ਇਸ਼ਾਰਾ 13 ਦਸੰਬਰ 2001 ਨੂੰ ਸੰਸਦ ‘ਤੇ ਹੋਏ ਦਹਿਸ਼ਤੀ ਹਮਲੇ ਤੋਂ ਸੀ। ਸਦਨ ਵਿਚ ਜਦੋਂ ਹੰਗਾਮਾ ਜਾਰੀ ਰਿਹਾ ਤਾਂ ਉਨ੍ਹਾਂ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਕਿਹਾ ਕਿ ‘ਆਪ’ ਸੰਸਦ ਮੈਂਬਰ ਦੇ ਵਤੀਰੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਮਾਨ 3 ਅਗਸਤ ਤੱਕ ਲੋਕ ਸਭਾ ਤੋਂ ਬਾਹਰ
ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ ਸਬੰਧੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ‘ਤੇ ਪਾਉਣ ਦੀ ਗੁਸਤਾਖ਼ੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਖ਼ਿਲਾਫ਼ 9 ਮੈਂਬਰੀ ਕਮੇਟੀ ਬਣਾ ਕੇ ਉਸ ਨੂੰ ਲੋਕ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਮੇਟੀ ਨੂੰ 3 ਅਗਸਤ ਤੱਕ ਰਿਪੋਰਟ ਦੇਣ ਲਈ ਕਿਹਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ 28 ਜੁਲਾਈ ਤੱਕ ਕਮੇਟੀ ਮੂਹਰੇ ਆਪਣੀ ਸਫ਼ਾਈ ਦੇਣ ਦਾ ਸਮਾਂ ਦਿੱਤਾ ਗਿਆ ।
ਅਣਜਾਣੇ ਵਿੱਚ ਹੋਈ ਭੁੱਲ ਲਈ ਸਪੀਕਰ ਤੋਂ ਲਿਖਤੀ ਮੁਆਫ਼ੀ ਮੰਗੀ: ਮਾਨ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਵਿਰੋਧੀ ਧਿਰ ‘ਤੇ ਪੱਖ ਰੱਖਣ ਦਾ ਮੌਕਾ ਨਾ ਦੇਣ ਦੇ ਲਾਏ ਦੋਸ਼
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਣਜਾਣੇ ਵਿੱਚ ਘਰ ਤੋਂ ਸੰਸਦ ਤੱਕ ਬਣਾਈ ਵੀਡੀਓ ਲਈ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਮੂਹਰੇ ਪੇਸ਼ ਹੋ ਕੇ ਜ਼ੁਬਾਨੀ ਅਤੇ ਲਿਖਤੀ ਤੌਰ ‘ਤੇ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਹੁਣ ਇਸ ਨੂੰ ਸਿਆਸੀ ਮੁੱਦਾ ਬਣਾ ਕੇ ਤੂਲ ਨਹੀਂ ਦੇਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਲੋਕ ਸਭਾ ਵਿਚਲੀ ਚੱਲਦੀ ਪ੍ਰਕਿਰਿਆ ਦੀ ਵੀਡੀਓ ਨਹੀਂ ਬਣਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰਾਂ ਵੱਲੋਂ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਸਪੀਕਰ ਸੁਮਿੱਤਰਾ ਮਹਾਜਨ ਕੋਲ ਜਾ ਕੇ ਆਪਣਾ ਪੱਖ ਰੱਖ ਕੇ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਉਸ ਨੇ ਸਪੀਕਰ ਨੂੰ ਪੇਸ਼ਕਸ਼ ਕੀਤੀ ਹੈ ਕਿ ਇਸ ਮੁੱਦੇ ‘ਤੇ ਉਹ ਕਿਤੇ ਵੀ ਪੇਸ਼ ઠਹੋ ਕੇ ਮੁਆਫ਼ੀ ਮੰਗਣ ਲਈ ਤਿਆਰ ਹਨ। ਇਸ ਤੋਂ ਇਲਾਵਾ ਉਨ੍ਹਾਂ ਸਪੀਕਰ ਨੂੰ ਬਕਾਇਦਾ ਲਿਖਤੀ ਮੁਆਫ਼ੀਨਾਮਾ ਵੀ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਹ ਵੀਡੀਓ ਉਨ੍ਹਾਂ ਤੋਂ ਅਣਜਾਣੇ ਵਿੱਚ ਬਣੀ ਹੈ। ਉਹ ਦੇਸ਼ ਦੇ ਲੋਕਤੰਤਰ ਦੇ ਮੰਦਰ ਮੰਨੇ ਜਾਂਦੇ ਪਾਰਲੀਮੈਂਟ ਦੀਆਂ ਭਾਵਨਾਵਾਂ ਜਾਂ ਮਰਿਆਦਾ ਦੀ ਕਿਸੇ ਤਰ੍ਹਾਂ ਵੀ ਉਲੰਘਣਾ ਨਹੀਂ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਪਾਰਲੀਮੈਂਟ ਨੂੰ ਕਿਸੇ ਖ਼ਤਰੇ ਵਿੱਚ ਪਾਉਣ ਦੀ ਮਨਸ਼ਾ ਵੀ ਨਹੀਂ ਸੀ।
ਭਗਵੰਤ ਮਾਨ ਲੋਕ ਸਭਾ ‘ਚ ਸ਼ਰਾਬ ਪੀ ਕੇ ਆਉਂਦਾ ਹੈ ਮੇਰੀ ਸੀਟ ਬਦਲ ਦਿਓ : ਹਰਿੰਦਰ ਸਿੰਘ ਖ਼ਾਲਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵੀਡੀਓ ਮਾਮਲੇ ਵਿਚ ਘਿਰੇ ਭਗਵੰਤ ਮਾਨ ‘ਤੇ ਵਿਰੋਧੀ ਪਾਰਟੀਆਂ ਨੇ ਹਮਲਾ ਬੋਲ ਦਿੱਤਾ ਹੈ। ਹੁਣ ਉਨ੍ਹਾਂ ਦੀ ਪਾਰਟੀ ਆਪ ਦੇ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਦੋਸ਼ ਲਾਇਆ ਹੈ ਕਿ ਸੰਸਦ ਵਿਚ ਮਾਨ ਦੀ ਸੀਟ ਤੋਂ ਸ਼ਰਾਬ ਦੀ ਬੋਅ ਆਉਂਦੀ ਹੈ। ਉਨ੍ਹਾਂ ਨੇ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਅਤੇ ਆਪਣੀ ਸੀਟ ਬਦਲਣ ਲਈ ਕਿਹਾ ਹੈ। ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ‘ਮੈਂ ਸਪੀਕਰ ਨੂੰ ਇਹ ਕਿਹਾ ਹੈ ਕਿ ਮੇਰਾ ਡਵੀਜ਼ਨ ਨੰਬਰ 495 ਹੈ ਅਤੇ ਡਵੀਜ਼ਨ ਨੰਬਰ 496 ‘ਤੇ ਭਗਵੰਤ ਮਾਨ ਹੈ। ਮੈਂ ਤਾਂ ਉਨ੍ਹਾਂ ਦਾ ਨਾਂਅ ਵੀ ਨਹੀਂ ਲਿਖਿਆ। ਮੈਂ 69 ਸਾਲ ਦਾ ਹਾਂ ਤੇ ਸਿੱਖ ਹਾਂ ਸਵੇਰੇ ਪਾਠ ਕਰਕੇ ਆਉਂਦਾ ਹਾਂ ਅਤੇ ਸਵੇਰੇ-ਸਵੇਰੇ ਸ਼ਰਾਬ ਦੀ ਗੰਦੀ ਬੋਅ ਆਉਂਦੀ ਹੈ ਤੇ ਕਈ ਵਾਰ ਲੱਗਦਾ ਹੈ ਕਿ ਉਲਟੀ ਆ ਜਾਵੇਗੀ। ਉਨ੍ਹਾਂ ਕਿਹਾ, ‘ਹੁਣ ਸ਼ਰਾਬ ਕੋਈ ਪੀ ਕੇ ਆਵੇ, ਇਕ ਸੰਸਦ ਮੈਂਬਰ ਸ਼ਰਾਬ ਪੀਵੇ ਤੇ ਦੂਸਰਾ ਉਲਟੀਆਂ ਕਰੇ ਤਾਂ ਇੰਨੀ ਜ਼ਿਆਦਾ ਤਾਂ ਗੰਦਗੀ ਨਹੀਂ ਵਿਖਾਉਣੀ ਚਾਹੀਦੀ। ਮੈਂ ਤਾਂ ਇੰਨੀ ਜ਼ਿਆਦਾ ਨਹੀਂ ਵਿਖਾ ਸਕਦਾ। ਮੇਰੀ ਸੀਟ ਬਦਲ ਦਿਓ ਅਤੇ ਉਨ੍ਹਾਂ ਮੈਨੂੰ ਯਕੀਨ ਦਿਵਾਇਆ ਕਿ ਉਹ ਮੇਰੀ ਸੀਟ ਬਦਲ ਦੇਣਗੇ।

Check Also

ਲੋਕ ਸਭਾ ਚੋਣਾਂ ਲਈ ਦੂਜੇ ਗੇੜ ਤਹਿਤ 88 ਸੀਟਾਂ ’ਤੇ ਵੋਟਿੰਗ ਹੋਈ ਸ਼ੁਰੂ

ਰਾਹੁਲ ਗਾਂਧੀ ਅਤੇ ਓਮ ਬਿਰਲਾ ਸਣੇ ਹੋਰ ਸਿਆਸੀ ਦਿੱਗਜ਼ਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਨਵੀਂ …