ਸੀਨੀਅਰ ਆਗੂ ਪੀ ਸੀ ਚਾਕੋ ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਰਲਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਪੀਸੀ ਚਾਕੋ ਨੇ ਅੱਜ ਪਾਰਟੀ ਤੋਂ ਕਿਨਾਰਾ ਕਰ ਲਿਆ। ਉਨ੍ਹਾਂ ਆਪਣਾ ਅਸਤੀਫਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਚਾਕੋ ਨੇ ਕਾਂਗਰਸ ‘ਤੇ ਗੁੱਟਬਾਜ਼ੀ ਦੇ ਆਰੋਪ ਵੀ ਲਗਾਏ ਅਤੇ ਕਿਹਾ ਕਿ ਪਾਰਟੀ ਵਿਚ ਹੁਣ ਲੋਕਤੰਤਰ ਵਾਲੀ ਕੋਈ ਗੱਲ ਨਹੀਂ ਰਹੀ। ਚਾਕੋ ਨੇ ਕਿਹਾ ਕਿ ਕੇਰਲਾ ਵਿਚ ਕਾਂਗਰਸ ਪਾਰਟੀ ਦੋ ਧੜਿਆਂ ਵਿਚ ਵੰਡੀ ਹੋਈ ਹੈ ਅਤੇ ਕੇਰਲ ਕਾਂਗਰਸ ਵਿਚ ਜੋ ਕੁਝ ਵੀ ਹੋ ਰਿਹਾ ਹੈ, ਕਾਂਗਰਸ ਹਾਈਕਮਾਨ ਉਸ ਨੂੰ ਚੁੱਪ ਚਾਪ ਦੇਖ ਰਹੀ ਹੈ। ਚਾਕੋ ਨੇ ਕਿਹਾ ਕਿ ਪਾਰਟੀ ਵਿਚ ਧੜੇਬੰਦੀ ਏਨੀ ਜ਼ਿਆਦਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਵਿਚੋਂ ਕਿਨਾਰਾ ਕਰਨਾ ਪਿਆ।

