ਘੁਸਪੈਠ ਕਰ ਰਹੇ 200 ਚੀਨੀ ਫੌਜੀਆਂ ਨੂੰ ਭਾਰਤੀ ਜਵਾਨਾਂ ਨੇ ਭਜਾਇਆ
ਨਵੀਂ ਦਿੱਲੀ : ਚੀਨੀ ਫੌਜ ਆਪਣੀਆਂ ਘਿਨੌਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ। ਹੁਣ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਪਿਛਲੇ ਹਫ਼ਤੇ ਭਾਰਤੀ ਫੌਜੀ ਜਵਾਨਾਂ ਦੀ ਚੀਨੀ ਫੌਜੀਆਂ ਨਾਲ ਝੜਪ ਹੋ ਗਈ ਸੀ। ਮਿਲੀਅਨ ਰਿਪੋਰਟਾਂ ਅਨੁਸਾਰ ਪੈਟਰੋਲਿੰਗ ਦੇ ਦੌਰਾਨ ਸਰਹੱਦ ਵਿਵਾਦ ਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹੋ ਗਈਆਂ ਸਨ ਅਤੇ ਕੁੱਝ ਘੰਟਿਆਂ ਤੱਕ ਇਹ ਸਿਲਸਿਲਾ ਚਲਦਾ ਰਿਹਾ। ਹਾਲਾਂਕਿ ਇਸ ਤਣਾਅ ਦੇ ਚਲਦਿਆਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਪ੍ਰੋਟੋਕਾਲ ਦੇ ਅਨੁਸਾਰ ਗੱਲਬਾਤ ਰਾਹੀਂ ਇਸ ਵਿਵਾਦ ਨੂੰ ਹੱਲ ਕਰ ਲਿਆ ਗਿਆ ਹੈ। ਅਰੁਣਾਂਚਲ ਪ੍ਰਦੇਸ਼ ‘ਚ ਲਾਈਨ ਆਫ਼ ਐਕਚੂਅਲ ਕੰਟਰੋਲ ‘ਤੇ ਚੀਨ ਦੇ 200 ਫੌਜੀ ਤਿੱਬਤ ਵੱਲੋਂ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਏ ਸਨ ਜਿਨ੍ਹਾਂ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਦਲੇਰੀ ਦਿਖਾਉਂਦੇ ਹੋਏ ਉਥੋਂ ਖਦੇੜ ਦਿੱਤਾ ਅਤੇ ਕੁੱਝ ਚੀਨੀ ਫੌਜੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਮਿਲੀ ਹੈ। ਲੱਦਾਖ ‘ਚ ਚੀਨੀ ਫੌਜ ਦੀ ਘੁਸਪੈਠ ਦੀਆਂ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪ੍ਰੰਤੂ ਅਰੁਣਾਂਚਲ ਪ੍ਰਦੇਸ਼ ‘ਚ ਹੋਈ ਝੜਪ ਦੀ ਲੰਬੇ ਸਮੇਂ ਤੋਂ ਬਾਅਦ ਖਬਰ ਆਈ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਚੀਨ ਨੇ ਅਰੁਣਾਂਚਲ ਪ੍ਰਦੇਸ਼ ‘ਚ ਵੀ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੱਤਾ ਹੈ ਜਦਕਿ ਆਉਂਦੇ 3-4 ਦਿਨਾਂ ‘ਚ ਲੱਦਾਖ ਨੂੰ ਲੈ ਕੇ ਭਾਰਤ ਅਤੇ ਚੀਨ ਦਰਮਿਆਨ ਗੱਲਬਾਤ ਹੋਣੀ ਹੈ।