ਸਰੀ/ਬਿਊਰੋ ਨਿਊਜ਼ : ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਵਿਚ ਪਾਕਿਸਤਾਨ ਤੋਂ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਇਕਬਾਲ ਕੈਸਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮਾਂ ਦਿਵਸ, ਮਜ਼ਦੂਰ ਦਿਵਸ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਰਹੀ ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਨੇ ਕੀਤੀ ਅਤੇ ਪ੍ਰਸਿੱਧ ਲੇਖਕ ਰਵਿੰਦਰ ਰਵੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਪ੍ਰਿਤਪਾਲ ਗਿੱਲ ਨੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਦਾ ਸਵਾਗਤ ਕਰਦਿਆਂ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸੰਤੋਖ ਸਿੰਘ ਪੰਧੇਰ ਨੇ ਇਕਬਾਲ ਕੈਸਰ ਬਾਰੇ ਕੁੱਝ ਸ਼ਬਦ ਕਹੇ। ਮੁੱਖ ਮਹਿਮਾਨ ਰਵਿੰਦਰ ਰਵੀ ਨੇ ਇਕਬਾਲ ਕੈਸਰ ਦੇ ਯੋਗਦਾਨ, ਪੰਜਾਬੀ ਭਾਸ਼ਾ ਲਈ ਉਨ੍ਹਾਂ ਦੀ ਖ਼ੋਜ ਅਤੇ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਅਸਲ ਵਿਚ ਇਕਬਾਲ ਕੈਸਰ ਪੰਜਾਬੀ ਬੋਲੀ ਦਾ ਐਨਸਾਈਕਲੋਪੀਡੀਆ, ਖੋਜੀ, ਕਲਚਰਲ ਐਕਟੀਵਿਸਟ, ਇਤਿਹਾਸਿਕ ਜਾਣਕਾਰੀ ਰੱਖਣ ਵਾਲੇ ਅਦੀਬ ਹਨ । ਉਪਰੰਤ ਇਕਬਾਲ ਕੈਸਰ ਨੇ ਆਪਣੇ ਸੰਬੋਧਨ ਵਿਚ ਪੰਜਾਬੀ ਭਾਸ਼ਾ ਤੇ ਬੋਲੀ ਦੇ ਇਤਿਹਾਸਿਕ ਪੱਖ, ਵਿਕਾਸ, ਖੋਜ, ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਬੋਲੀ ਦਾ ਭਵਿੱਖ ਅਤੇ ਆਪਣੇ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਪ੍ਰਸਿੱਧ ਨਾਟਕ ਕਾਰ ਅਜਮੇਰ ਰੋਡੇ ਅਤੇ ਹੋਰਨਾਂ ਸਰੋਤਿਆਂ ਵੱਲੋਂ ਪੰਜਾਬੀ ਭਾਸ਼ਾ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਰਚਨਾਤਮਕ ਦੌਰ ਵਿਚ ਸੁਰਜੀਤ ਸਿੰਘ ਮਾਧੋਪੁਰੀ ਨੇ ਸ਼ਿਵ ਕੁਮਾਰ ਬਟਾਲਵੀ ਅਤੇ ਇਕਬਾਲ ਕੈਸਰ ਦੀਆਂ ਰਚਨਾਵਾਂ ਤਰਨੰਮ ਵਿੱਚ ਪੇਸ਼ ਕੀਤੀਆਂ, ਰੂਪਿੰਦਰ ਖਹਿਰਾ ਰੂਪੀ ਨੇ ਸੰਤ ਰਾਮ ਉਦਾਸੀ ਅਤੇ ਸ਼ਿਵ ਦੀ ਰਚਨਾ ਤਰੰਨੁਮ ਵਿੱਚ ਪੇਸ਼ ਕੀਤੀ। ਫ਼ਾਰੂਖ ਚੌਧਰੀ, ਸੁਰਜੀਤ ਕਲਸੀ, ਪਲਵਿੰਦਰ ਸਿੰਘ ਰੰਧਾਵਾ, ਹਰਪਾਲ ਕੌਰ ਰੰਧਾਵਾ, ਹਰਜਿੰਦਰ ਚੀਮਾ, ਅਮਰੀਕ ਪਲਾਹੀ, ਇੰਦਰਜੀਤ ਸਿੰਘ ਧਾਮੀ, ਹਰਸ਼ਰਨ ਕੌਰ, ਹਰਚੰਦ ਸਿੰਘ ਬਾਗੜੀ, ਹਰਚੰਦ ਸਿੰਘ ਗਿੱਲ, ਦਰਸ਼ਨ ਸੰਘਾ, ਜੋਗਿੰਦਰ ਸਿੰਘ ਕਾਹਲੋਂ ਅਤੇ ਨਰਿੰਦਰ ਬਾਹੀਆ ਨੇ ਸ਼ਿਵ ਕੁਮਾਰ, ਮਜ਼ਦੂਰ ਦਿਵਸ ਅਤੇ ਮਾਂ ਬਾਰੇ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਵਿਚ ਰਣਧੀਰ ਢਿੱਲੋਂ, ਅਮਰੀਕ ਸਿੰਘ ਲੇਲ੍ਹ, ਗੁਰਚਰਨ ਸਿੰਘ ਟੱਲੇਵਾਲੀਆ ਅਤੇ ਰਿਸ਼ੀ ਸਿੰਘ ਵੀ ਸ਼ਾਮਿਲ ਹੋਏ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।