-4.7 C
Toronto
Wednesday, December 3, 2025
spot_img
Homeਕੈਨੇਡਾਟੀਪੀਏਆਰ ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੂੰ 125ਵੀਂ ਬੋਸਟਨ ਮੈਰਾਥਨ...

ਟੀਪੀਏਆਰ ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੂੰ 125ਵੀਂ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਮਿਲਿਆ ਸੱਦਾ-ਪੱਤਰ

ਬਰੈਂਪਟਨ/ਡਾ.ਝੰਡ : ਬਰੈਂਪਟਨ ਵਿਚ ਪਿਛਲੇ ਸੱਤ ਸਾਲਾਂ ਤੋਂ ਸਰਗਰਮੀ ਨਾਲ ਵਿਚਰ ਰਹੀ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਦੇ ਮੁੱਢਲੇ ਮੈਂਬਰ 65 ਸਾਲਾ ਧਿਆਨ ਸਿੰਘ ਸੋਹਲ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਸੋਮਵਾਰ ਦੇ ਦਿਨ 11 ਅਕਤੂਬਰ 2021 ਨੂੰ ਹੋ ਰਹੀ ਵਿਸ਼ਵ-ਪ੍ਰਸਿੱਧ 125ਵੀਂ ਮੈਰਾਥਨ ਵਿਚ ਹਿੱਸਾ ਲੈਣ ਲਈ ਇਸ ਦੌੜ ਦੇ ਆਯੋਜਕਾਂ ਵੱਲੋਂ ਆਈ ਹੋਈ ਈ-ਮੇਲ ਰਾਹੀਂ ਸੱਦਾ-ਪੱਤਰ ਪ੍ਰਾਪਤ ਹੋਇਆ ਹੈ। ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦਾ ਮੈਂਬਰ ਸੰਸਾਰ-ਪੱਧਰ ਦੀ ਇਸ ਵੱਕਾਰੀ ਦੌੜ ਵਿਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ ਜਿਸ ਦੇ ਲਈ ਐਂਟਰੀ-ਫ਼ੀਸ ਪ੍ਰਬੰਧਕਾਂ ਵੱਲੋਂ 280 ਅਮਰੀਕੀ ਡਾਲਰ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ 8-10 ਮੈਂਬਰ ਧਿਆਨ ਸਿੰਘ ਸੋਹਲ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਦੇ ਨਾਲ ਬੋਸਟਨ ਜਾਣਗੇ।
ਵਰਨਣਯੋਗ ਹੈ ਕਿ 42 ਕਿਲੋਮੀਟਰ ਦੂਰੀ ਵਾਲੀ ਇਸ ਲੰਮੀ ਦੌੜ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਦੇ ਪ੍ਰਪੱਕ ਇਰਾਦੇ ਨਾਲ ਧਿਆਨ ਸਿੰਘ ਸੋਹਲ ਨੇ ਅਕਤੂਬਰ 2019 ਵਿਚ ਡਾਊਨਟਾਊਨ ਟੋਰਾਂਟੋ ਵਿਖੇ ਹੋਈ ਸਕੋਸ਼ੀਆਬੈਂਕ-ਵਾਟਰਫ਼ਰੰਟ ਮੈਰਾਥਨ ਵਿਚ ਭਾਗ ਲੈਂਦਿਆਂ ਹੋਇਆਂ 42 ਕਿਲੋਮੀਟਰ ਦੀ ਦੂਰੀ 3 ਘੰਟੇ 48 ਮਿੰਟ ਤੇ 21 ਸਕਿੰਟਾਂ ਵਿਚ ਪੂਰੀ ਕਰਕੇ ਇਸ ਬੋਸਟਨ ਮੈਰਾਥਨ ਦੇ ਲਈ ਕੁਆਲੀਫ਼ਾਈ ਕਰ ਲਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਅਗੱਸਤ 2020 ਵਿਚ 125ਵੀਂ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਜਾਣਾ ਸੀ ਪਰ ਉਨ੍ਹਾਂ ਦਿਨਾਂ ਵਿਚ ਅਮਰੀਕਾ ਵਿਚ ਤੇਜ਼ੀ ਨਾਲ ਫ਼ੈਲੀ ਹੋਈ ਕਰੋਨਾ ਮਹਾਂਮਾਰੀ ਦੇ ਕਾਰਨ ਸਮੂਹ ਪਬਲਿਕ ਈਵੈਂਟਸ ਸਮੇਤ ਇਹ ਦੌੜ ਵੀ ਕੈਂਸਲ ਕਰ ਦਿੱਤੀ ਗਈ ਸੀ।
ਹੁਣ ਇਸ ਸਮੇਂ ਅਮਰੀਕਾ ਵਿਚ ਕਰੋਨਾ ਦੇ ਹਾਲਾਤ ਕਾਫ਼ੀ ਹੱਦ ਤੱਕ ਠੀਕ ਹੋ ਜਾਣ ‘ਤੇ ਪ੍ਰਬੰਧਕਾਂ ਵੱਲੋਂ ਇਹ ਦੌੜ 11 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਧਿਆਨ ਸਿੰਘ ਸੋਹਲ ਇਸ ਵਿਚ ਭਾਗ ਲੈਣ ਲਈ ਆਪਣੀ ਕਲੱਬ ਦੇ ਕਈ ਸਾਥੀਆਂ ਦੇ ਨਾਲ ਬੋਸਟਨ ਜਾ ਰਹੇ ਹਨ। ਟੀਪੀਏਆਰ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਧਿਆਨ ਸਿੰਘ ਸੋਹਲ ਨੂੰ ਇਸ ਦੇ ਲਈ ਵਧਾਈਆਂ ਦਿੱਤੀਆਂ ਗਈਆਂ ਗਈਆਂ ਹਨ ਅਤੇ ਇਸ ਵੱਕਾਰੀ ਦੌੜ ਵਿਚ ਵਧੀਆ ਕਾਰ-ਗ਼ੁਜ਼ਾਰੀ ਵਿਖਾਉਣ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

RELATED ARTICLES
POPULAR POSTS