ਬਰੈਂਪਟਨ ‘ਚ 31 ਮਾਰਚ ਨੂੰ ਖੇਡਿਆ ਜਾਵੇਗਾ ‘ਬੀਬੀ ਸਾਹਿਬਾ’ ਨਾਟਕ
ਟੋਰਾਂਟੋ/ਬਿਊਰੋ ਨਿਊਜ਼
ਲੰਘੇ ਐਤਵਾਰ ਨੂੰ ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਐਲਬਰਟਾ ਵੱਲੋਂ ਐਡਮਿੰਟਨ ਸ਼ਹਿਰ ਵਿੱਚ ‘ਨਾਟਕਾਂ ਦੀ ਇੱਕ ਸ਼ਾਮ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਖਿੱਚ ਨਾਟਕ ਸੁਖਜੀਤ ਦੀ ਪੰਜਾਬੀ ਕਹਾਣੀ ਉੱਤੇ ਅਧਾਰਿਤ ਗੁਰਿੰਦਰ ਮਕਨਾ ਦਾ ਲਿਖਿਆ ਤੇ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਕੀਤਾ ‘ਬੀਬੀ ਸਾਹਿਬਾ’ ਸੀ ਜਿਹੜਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਟੋਰਾਂਟੋ ਦੀ ਪੇਸ਼ਕਸ਼ ਸੀ। ਨਾਟਕ ਦੀ ਕਹਾਣੀ ਡੇਰਿਆਂ ਵਿੱਚ ਕੁੜੀਆਂ ਦੇ ਹੁੰਦੇ ਸਰੀਰਕ ਤੇ ਮਾਨਸਿਕ ਸੋਸ਼ਣ ਜਿਹੇ ਨਾਜ਼ੁਕ ਮੁੱਦੇ ਨਾਲ ਸੰਬੰਧਿਤ ਸੀ। ਇਸ ਨਾਟਕ ਦੀ ਸਕ੍ਰਿਪਟ ਲਿਖਣ ਵਾਲੇ ਗੁਰਿੰਦਰ ਮਕਨਾ ਨੇ ਪੇਸ਼ਕਾਰੀ ਵਿੱਚ ‘ਸੈਹਬ ਜੀ’ ਦੀ ਭੂਮਿਕਾ ਨਿਭਾਈ ਤੇ ਅਦਾਕਾਰਾ ਸੁਵਿੱਧਾ ਦੁੱਗਲ ਨੇ ‘ਬੀਬੀ ਸਾਹਿਬਾ’ ਦੇ ਕਿਰਦਾਰ ਨੂੰ ਮੰਚ ਉੱਤੇ ਸਜੀਵ ਕੀਤਾ। ਇਹ ਦੋਵੇਂ ਫਿਲਮੀ ਤੇ ਥੀਏਟਰ ਦੀਆਂ ਨਾਮਵਰ ਹਸਤੀਆਂ ਇਸ ਨਾਟਕ ਵਿੱਚ ਭਾਗ ਲੈਣ ਲਈ ਕੈਨੇਡਾ ਪਹੁੰਚੀਆਂ ਹਨ ਜਿਨ੍ਹਾਂ ਦੀ ਦਮਦਾਰ ਅਦਾਕਾਰੀ ਨਾਲ ਦਰਸ਼ਕ ਪੂਰਾ ਸਮਾਂ ਇੱਕ ਮਿੱਕ ਹੋਏ ਰਹੇ। ਨਾਟਕ ਵਿੱਚ ‘ਸੁਮੀਤ’ ਦਾ ਕਿਰਦਾਰ ਜਗਵਿੰਦਰ ਪ੍ਰਤਾਪ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ। ਇਸ ਮੌਕੇ ਐਡਮਿੰਟਨ ਦੇ ਮੀਡੀਆ ਕਰਮੀ ਅਤੇ ਮੰਤਰੀ ਅਮਰਜੀਤ ਸਿੰਘ ਸੋਹੀ ਵੀ ਹਾਜ਼ਿਰ ਸਨ। ਇਹ ‘ਨਾਟਕਾਂ ਦੀ ਇੱਕ ਸ਼ਾਮ’ ਚਿਰਾਂ ਤੱਕ ਦਰਸ਼ਕਾਂ ਦੇ ਚੇਤਿਆਂ ਵਿੱਚ ਵੱਸੀ ਰਹੇਗੀ। ਯਾਦ ਰਹੇ ਕਿ ਨਾਟਕ ‘ਬੀਬੀ ਸਾਹਿਬਾ’ 31 ਮਾਰਚ 2019 ਦਿਨ ਐਤਵਾਰ ਨੂੰ ਬਰੈਂਪਟਨ ਦੇ 20 ਲੋਫ਼ਰਜ਼ ਲੇਕ ਸਥਿੱਤ ਸੀਰਿਲ ਕਲਾਰਕ ਹਾਲ ਥੀਏਟਰ ਵਿੱਚ ਵਿਸ਼ਵ ਰੰਗਮੰਚ ਦਿਵਸ ਸੰਬੰਧੀ ਕਰਵਾਏ ਜਾ ਰਹੇ ਸਮਾਰੋਹ ਮੌਕੇ ਵੀ ਖ਼ੇਡਿਆ ਜਾਣਾ ਹੈ। ਉਕਤ ਨਾਟਕ ਦੀ ਬਰੈਂਪਟਨ ਵਿੱਚ ਹੋਣ ਵਾਲੀ ਪੇਸ਼ਕਾਰੀ ਬਾਰੇ ਵਧੇਰੇ ਜਾਣਕਾਰੀ ਲਈ ਹੀਰਾ ਰੰਧਾਵਾ ਨਾਲ 416-319-0551, ਕੁਲਵਿੰਦਰ ਖ਼ਹਿਰਾ ਨਾਲ 647-407-1955 ਜਾਂ ਪਰਮਜੀਤ ਦਿਓਲ ਨਾਲ 647-295-7351 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …