Breaking News
Home / ਪੰਜਾਬ / ਕੈਪਟਨ ਦੀ ਦੋਸਤ ਅਰੂਸਾ ਦੇ ਰਹਿਣ-ਸਹਿਣ ਦਾ ਭੇਦ ਬਰਕਰਾਰ

ਕੈਪਟਨ ਦੀ ਦੋਸਤ ਅਰੂਸਾ ਦੇ ਰਹਿਣ-ਸਹਿਣ ਦਾ ਭੇਦ ਬਰਕਰਾਰ

ਕੋਈ ਵੀ ਅਫਸਰ ਅਰੂਸਾ ਆਲਮ ਦੇ ਭੇਦ ਨਸ਼ਰ ਕਰਨ ਲਈ ਤਿਆਰ ਨਹੀਂ
ਬਠਿੰਡਾ/ਬਿਊਰੋ ਨਿਊਜ਼ : ਮਹਿਮਾਨ ਦੋਸਤ ਅਰੂਸਾ ਆਲਮ ਦੀ ਠਹਿਰ ਦਾ ਗੁੱਝਾ ਭੇਤ ਖੁੱਲ੍ਹਣਾ ਮੁਸ਼ਕਲ ਜਾਪਦਾ ਹੈ। ਕੋਈ ਸਰਕਾਰ ਤੇ ਕੋਈ ਵੀ ਅਫ਼ਸਰ ਇਸ ਪਾਕਿਸਤਾਨੀ ਮਹਿਲਾ ਦਾ ਭੇਤ ਨਸ਼ਰ ਕਰਕੇ ਖ਼ਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੈ। ਸਵਾਲ ਇਹੋ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਭਾਰਤ ਫੇਰੀ ਮੌਕੇ ਚੰਡੀਗੜ੍ਹ ਠਹਿਰਦੀ ਹੈ ਜਾਂ ਫਿਰ ਹਿਮਾਚਲ ਪ੍ਰਦੇਸ਼। ਜਦੋਂ ਹਿਮਾਚਲ ਸਰਕਾਰ ਨੂੰ ਆਰਟੀਆਈ ਤਹਿਤ ਇਸ ਪਾਕਿਸਤਾਨੀ ਮਹਿਮਾਨ ਦੀ ਪਹਿਲੀ ਜਨਵਰੀ 2016 ਤੋਂ ਹੁਣ ਤੱਕ ਠਹਿਰ ਬਾਰੇ ਪੁੱਛਿਆ ਤਾਂ ਸਰਕਾਰ ਨੇ ਇਸ ਦਾ ਜੁਆਬ ਹੀ ਦੇਣ ਤੋਂ ਚੁੱਪੀ ਵੱਟ ਲਈ। ਹਿਮਾਚਲ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਾੜੀ ਰਾਜ ਦੇ ਕੁਝ ਗੇੜਿਆਂ ਦੀ ਹੀ ਸੂਚਨਾ ਦਿੱਤੀ ਹੈ। ਜਦੋਂ ਯੂ.ਟੀ ਚੰਡੀਗੜ੍ਹ ਦੇ ਐਸਐਸਪੀ ਨੂੰ ਪਾਕਿਸਤਾਨੀ ਮਹਿਲਾ ਦੀ ਲੰਘੇ ਦੋ ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਰਟੀਆਈ ਦੀ ਇਹ ਦਰਖਾਸਤ ਡੀਐਸਪੀ (ਸੀਆਈਡੀ), ਡੀ.ਐਸ.ਪੀ ਸਕਿਉਰਿਟੀ ਵਿੰਗ ਤੇ ਡੀਐਸਪੀ ਹੈੱਡਕੁਆਟਰ ਕੋਲ ਭੇਜ ਦਿੱਤੀ।
ਡੀ.ਐਸ.ਪੀ (ਸੀਆਈਡੀ) ਯੂ.ਟੀ ਚੰਡੀਗੜ੍ਹ ਨੇ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਮਹਿਲਾ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਲਿਖਿਆ ਹੈ ਕਿ ਇਸ ਦਾ ਤੁਅੱਲਕ ਬਿਊਰੋ ਆਫ ਇਮੀਗ੍ਰੇਸ਼ਨ ਨਾਲ ਹੈ ਅਤੇ ਆਰਟੀਆਈ ਐਕਟ 2005 ਤਹਿਤ ਬਿਊਰੋ ਆਫ ਇਮੀਗ੍ਰੇਸ਼ਨ ਨੂੰ ਛੋਟ ਮਿਲੀ ਹੋਈ ਹੈ। ਯੂਟੀ ਪੁਲਿਸ ਨੇ ਛੋਟ ਦਾ ਹਵਾਲਾ ਦੇ ਕੇ ਪਾਕਿਸਤਾਨੀ ਮਹਿਲਾ ਦੀ ਠਹਿਰ ਦੇ ਪਤੇ ਟਿਕਾਣੇ, ਠਹਿਰਨ ਦੀ ਤਰੀਕ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦਰਖਾਸਤ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਥੋੜ੍ਹਾ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਦੇ ਹਵਾਲੇ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਮੰਗੀ ਸੀ। ਉਨ੍ਹਾਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਪਾਰਟੀ ਵਿੱਚ ਅਰੂਸਾ ਆਲਮ ਦੀ ਸ਼ਮੂਲੀਅਤ ਹੋਣ ਦੀ ਗੱਲ ਆਖੀ ਸੀ।
ਨੇਮਾਂ ਅਨੁਸਾਰ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿੱਚ ਆਪਣੀ ਠਹਿਰ ਬਾਰੇ ਸੂਚਨਾ ਦੇਣੀ ਹੁੰਦੀ ਹੈ। ਪਹਿਲਾਂ ਚਰਚਾ ਸੀ ਕਿ ਅਰੂਸਾ ਆਲਮ ਵਾਦੀਆਂ ਵਿੱਚ ਇੱਕ ਜਨਮ ਦਿਨ ਸਮਾਰੋਹ ਵਿਚ ਸ਼ਾਮਲ ਹੋਈ ਹੈ। ਇਸ ਪੱਤਰਕਾਰ ਵੱਲੋਂ ਜਦੋਂ ਪਹਿਲਾਂ ਚੰਡੀਗੜ੍ਹ ਯੂ.ਟੀ ਦੇ ਗ੍ਰਹਿ ਵਿਭਾਗ ਨੂੰ ਅਰੂਸਾ ਆਲਮ ਸਬੰਧੀ ਆਰਟੀਆਈ ਪਾਈ ਗਈ ਤਾਂ ਗ੍ਰਹਿ ਵਿਭਾਗ ਨੇ ਪਹਿਲਾਂ ਤਾਂ ਪੱਤਰ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਤੇ ਫਿਰ ਦਰਖ਼ਾਸਤ ਰੱਦ ਕਰ ਦਿੱਤੀ। ਹਿਮਾਚਲ ਸਰਕਾਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਲੀ ਵਿੱਚ ਠਹਿਰੇ ਸਨ ਅਤੇ ਉਸ ਮਗਰੋਂ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਖੇ ਠਹਿਰੇ ਸਨ। ਸਰਕਾਰ ਨੇ ਦੋ ਦੌਰਿਆਂ ਦੀ ਹੀ ਸੂਚਨਾ ਦਿੱਤੀ ਹੈ ਜਦੋਂ ਕਿ ਹਿਮਾਚਲ ਸਰਕਾਰ ਨੇ ਅਰੂਸਾ ਆਲਮ ਦੇ ਪਹਾੜੀ ਰਾਜ ਵਿਚਲੇ ਦੌਰਿਆਂ ਬਾਰੇ ਚੁੱਪ ਵੱਟ ਲਈ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …