Breaking News
Home / ਕੈਨੇਡਾ / ਟੋਰਾਂਟੋ ‘ਚ ਦੀਪਕ ਚਨਾਰਥਲ ਨਾਲ ਰਚਾਇਆ ਗਿਆ ਰੂ-ਬ-ਰੂ

ਟੋਰਾਂਟੋ ‘ਚ ਦੀਪਕ ਚਨਾਰਥਲ ਨਾਲ ਰਚਾਇਆ ਗਿਆ ਰੂ-ਬ-ਰੂ

ਮੀਡੀਆ ਦੀ ਅਵਾਜ਼ ਕੀਤੀ ਜਾ ਰਹੀ ਬੰਦ : ਦੀਪਕ ਸ਼ਰਮਾ ਚਨਾਰਥਲ
ਟੋਰਾਂਟੋ/ਬਿਊਰੋ ਨਿਊਜ਼ : ਟਰਾਂਟੋ ਵਿਖੇ ਤੂਰ ਲਾਅ ਆਫਿਸ ਵਿੱਚ ਪੰਜਾਬੀ ਥਿੰਕਰ ਫੋਰਮ ਕੈਨੇਡਾ, ਪ੍ਰੋ ਮੋਹਨ ਸਿੰਘ ਫਾਉਂਡੇਸ਼ਨ ਟੋਰਾਂਟੋ ਅਤੇ ਟੀ ਵੀ ਪੰਜਾਬੀ ਦੁਨੀਆ ਦੇ ਵੱਲੋਂ ਚਰਚਿਤ ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਨਾਲ ਰੂ-ਬ-ਰੂ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਪੰਜਾਬ ਦੇ ਹਰ ਪਹਿਲੂ ਨੂੰ ਛੂਹਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੱਤਰਕਾਰੀ ਸਾਹਮਣੇ ਵੱਡੀਆਂ ਚਣੌਤੀਆਂ ਹਨ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਮੀਡੀਆ ਨੂੰ ਸਰਕਾਰੀ ਮੀਡੀਆ ਬਣਾਉਣ ਦੇ ਯਤਨ ਹੋ ਰਹੇ ਹਨ। ਹੁਣ ਮੀਡੀਆ ਨੂੰ ਸਰਕਾਰੀ ਧਿਰਾਂ ਵੱਲੋ ਕੰਟਰੋਲ ਕਰਨ ਦੀਆਂ ਕੋਸ਼ਿਸ਼ ਜਾਰੀ ਹਨ।
ਪੰਜਾਬ ਵਿੱਚ ਨਸ਼ੇ ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਅਤੇ ਸਿਸਟਮ ਚਾਹਵੇ ਤਾਂ ਪੰਜਾਬ ਵਿੱਚੋਂ ਚਿੱਟਾ ਦੋ ਦਿਨਾਂ ਵਿੱਚ ਖ਼ਤਮ ਹੋ ਸਕਦਾ ਹੈ ਸਵਾਲ ਸਿਰਫ਼ ਜੁਆਬਦੇਹੀ ਤਹਿ ਕਰਨ ਦਾ ਹੈ। ਦੀਪਕ ਸ਼ਰਮਾ ਚਨਾਰਥਲ ਨੇ ਕਿਸਾਨੀ ਅੰਦੋਲਨ ਦੌਰਾਨ ਖੇਤਰੀ ਪੱਤਰਕਾਰੀ ਦੀ ਕਾਰਗੁਜ਼ਾਰੀ ਦਾ ਵੀ ਜਿਥੇ ਖੁੱਲ੍ਹ ਕੇ ਖੁਲਾਸਾ ਕੀਤਾ ਉਥੇ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੁਝ ਨੁਕਤੇ ਵੀ ਸੁਝਾਏ ਜਿਸ ਉਪਰ ਖੇਤੀਬਾੜੀ ਤੇ ਆਰਥਿਕ ਮਾਹਰ ਡਾਕਟਰ ਸੁੱਚਾ ਸਿੰਘ ਗਿੱਲ ਨੇ ਵੀ ਆਪਣੀ ਮੋਹਰ ਲਗਾਉਂਦਿਆਂ ਉਸ ਗੱਲ ਨੂੰ ਅਗਾਂਹ ਤੋਰਿਆ। ਦੀਪਕ ਸ਼ਰਮਾ ਚਨਾਰਥਲ ਨੇ ਇਸ ਰੂ-ਬ-ਰੂ ਵਿੱਚ ਆਪਣੀ ਚਾਲੀ ਮਿੰਟ ਦੀ ਤਕਰੀਰ ਵਿੱਚ ਜਿੱਥੇ ਪੰਜਾਬ ਦੇ ਹਰ ਪਹਿਲੂ ਨੂੰ ਛੂਹਿਆ ਉਥੇ ਪੱਚੀ ਮਿੰਟ ਚੱਲੇ ਸੁਆਲ-ਜੁਆਬ ਦੌਰਾਨ ਵੀ ਆਪਣੀ ਸਮਝ ਅਨੁਸਾਰ ਜੁਆਬ ਦਿੱਤੇ ਅਤੇ ਪੰਜਾਬੀ ਮਾਂ-ਬੋਲੀ ਦੇ ਰੁਤਬੇ ਦੀ ਬਹਾਲੀ ਦੀ ਖ਼ਾਤਰ ਇੱਕ ਜੁੱਟ ਹੋਣ ਦੀ ਅਪੀਲ ਕੀਤੀ।
ਸਮਾਗਮ ਦੀ ਸ਼ੁਰੂਆਤ ‘ਚ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਸੁਆਗਤੀ ਸ਼ਬਦ ਕਹੇ ਮੰਚ ਸੰਚਾਲਨ ਸ਼ਮੀਲ ਜਸਵੀਰ ਨੇ ਕੀਤਾ। ਇਸ ਮੌਕੇ ਪ੍ਰਸਿੱਧ ਖੇਤੀ ਮਾਹਰ ਅਤੇ ਅਰਥ ਸ਼ਾਸ਼ਤਰੀ ਡਾਕਟਰ ਸੁੱਚਾ ਸਿੰਘ ਗਿੱਲ, ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਟਰਾਂਟੋ ਦੇ ਹਰਜੀਤ ਸਿੰਘ ਗਿੱਲ, ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ, ਪਰਮਜੀਤ ਸਿੰਘ ਵਿਰਕ, ਡਾਕਟਰ ਰਣਵੀਰ ਸ਼ਾਰਦਾ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ, ਐਡਵੋਕੇਟ ਯਾਦਵਿੰਦਰ ਸਿੰਘ ਤੂਰ, ਪ੍ਰੋ. ਜਗੀਰ ਸਿੰਘ ਕਾਹਲੋਂ, ਖੁਸ਼ਵੰਤ ਸਿੰਘ ਤੂਰ, ਇੰਜੀ ਰਮੇਸ਼ ਜੇਤਲੀ, ਚਮਕੌਰ ਸਿੰਘ ਮਾਛੀਕੇ, ਸਕੂਲ ਟਰੱਸਟੀ ਤੇ ਪੱਤਰਕਾਰ ਸੱਤਪਾਲ ਜੋਹਲ, ਬਲਰਾਜ ਚੀਮਾ, ਡਾ. ਗੁਰਨਾਮ ਕੌਰ, ਗੁਰਦੇਵ ਚੋਹਾਨ, ਲਖਬੀਰ ਗਰੇਵਾਲ, ਗਿਆਨ ਸਿੰਘ ਕੰਗ, ਬਲਦੇਵ ਦੂਹਰੇ, ਡਾਕਟਰ ਨਾਹਰ ਸਿੰਘ, ਕਮਲਜੀਤ ਸਿੰਘ ਲਾਲੀ ਤੇ ਹੋਰ ਨਾਮਵਰ ਹਸਤੀਆਂ ਸ਼ਾਮਲ ਸਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …