7.7 C
Toronto
Friday, November 14, 2025
spot_img
Homeਕੈਨੇਡਾਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਸੈਂਟਰਲ ਆਈਲੈਂਡ ਦਾ ਟੂਰ

ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਸੈਂਟਰਲ ਆਈਲੈਂਡ ਦਾ ਟੂਰ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਦੇ ਮੁੱਖ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਸੈਂਟਰਲ ਆਈਲੈਂਡ ‘ਤੇ ਪਹੁੰਚ ਕੇ ਸਾਰਾ ਦਿਨ ਘੁੰਮ ਫਿਰ, ਖਾ ਪੀ, ਨੱਚ ਟੱਪ, ਗਿਧਾ ਪਾ ਕੇ ਟੂਰ ਦਾ ਖੂਬ ਆਨੰਦ ਮਾਣਿਆਂ। ਇਸ ਟੂਰ ਵਿੱਚ ਕਲੱਬ ਦੇ 47 ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਸਨ। ਇਸਦਾ ਸਿਹਰਾ ਭੁਪਿੰਦਰ ਕੌਰ ਕਾਰਜਕਰਨੀ ਮੈਂਬਰ ਨੂੰ ਜਾਂਦਾ ਹੈ। ਉਥੇ ਪਹੁੰਚਣ ਲਈ ਕਾਰਜਕਰਨੀ ਵਲੋਂ ਬੱਸ ਦਾ ਪ੍ਰਬੰਧ ਕੀਤਾ ਹੋਇਆ ਸੀ, ਜਿਸ ‘ਤੇ ਜਾਣ ਲਈ ਸਾਰੇ ਸਵੇਰੇ ਅੱਠ ਵਜੇ ਕਲੋਨੀ ਦੇ ਪਾਰਕ ਵਿੱਚ ਇਕੱਠੇ ਹੋ ਕੇ ਬੱਸ ਵਿੱਚ ਸਵਾਰ ਹੋ ਗਏ। ਬੈਠਦਿਆਂ ਹੀ ਜਸ਼ਨ ਦਾ ਮਾਹੌਲ ਬਣ ਗਿਆ ਜਦ ਸਭ ਨੂੰ ਖਾਣ ਪੀਣ ਦਾ ਸਮਾਨ ਵੰਡ ਦਿੱਤਾ ਗਿਆ ਅਤੇ ਸਾਰੇ ਆਪੋ ਆਪਣੇ ਗਰੁੱਪਾਂ ਵਿੱਚ ਗੱਲਾਂ ਬਾਤਾਂ ਵੱਚ ਰੁਝ ਗਏ। ਰਸਤੇ ਵਿੱਚ ਮੀਂਹ ਪੈਣ ਲੱਗ ਪਿਆ, ਜਿਸ ਨੇ ਬੇਸ਼ਕ ਥੋੜ੍ਹੇ ਸਮੇਂ ਲਈ ਕੁਝ ਵਿਘਨ ਪਾਇਆ ਪਰ ਅਸਲ ਵਿਚ ਚੰਗਾ ਹੀ ਹੋਇਆ ਕਿਉਂਕਿ ਇਸ ਨੇ ਗਰਮੀ ਦਾ ਇਹ ਦਿਨ ਤੁਰਨ ਫਿਰਨ ਲਈ ਠੰਢਾ ਕਰ ਦਿੱਤਾ।
ਆਇਲੈਂਡ ‘ਤੇ ਜਾਣ ਲਈ ਵੱਡੀ ਕਿਸ਼ਤੀ ਦਾ ਸਫਰ ਬੜਾ ਰੋਮਾਂਚਿਕ ਸੀ, ਜੋ ਪੰਜਾਬੀਆਂ ਨੂੰ ਨਿਵੇਕਲਾ ਲੱਗਦਾ ਹੈ। ਆਈਲੈਂਡ ‘ਤੇ ਪਹੁੰਚ ਕੇ ਸਭ ਨੇ ਆਪੋ ਆਪਣੇ ਨਾਲ ਲਿਆਂਦਾ ਕੁਝ ਨਾ ਕੁਝ ਖਾ ਪੀ ਲਿਆ ਅਤੇ ਸੈਰ ਨੂੰ ਅੱਗੇ ਚੱਲ ਪਏ। ਰਸਤੇ ਦੇ ਆਸੇ ਪਾਸੇ ਆਈਲੈਂਡ ‘ਤੇ ਬੜੇ ਵਧੀਆ ਫੁੱਲ ਬੂਟੇ ਲਾਏ ਹੋਏ ਹਨ, ਜਿਨ੍ਹਾਂ ਨੂੰ ਵੇਖਦੇ ਵਿਖਾਉਂਦੇ ਗਰੁੱਪ ਆਈਲੈਂਡ ਦੇ ਦੂਸਰੇ ਪਾਸੇ ਚਲਾ ਗਿਆ ਅਤੇ ਓਨਟਾਰੀਓ ਝੀਲ ਦੇ ਵਿਸ਼ਾਲ ਪਾਣੀਆਂ ਦਾ ਆਨੰਦ ਲੈਂਦਾ ਰਿਹਾ। ਇਸ ਪਾਸੇ ਝੀਲ ਵਿਚ ਲੱਕੜ ਦੇ ਬਣੇ ਵਾਧਰੇ ਤੇ ਸਾਰੇ ਆਖੀਰ ਤੱਕ ਜਾ ਕੇ ਫੋਟੋਆਂ ਖਿਚਦੇ ਰਹੇ। ਵਾਪਸ ਕੁਝ ਦੇਰ ਤੁਰਨ ਬਾਅਦ ਛਾਂ ਵਿੱਚ ਚਾਦਰਾਂ ਵਿਛਾ ਸਾਰੇ ਗਰੁੱਪਾਂ ਵਿੱਚ ਬੈਠ ਗਏ, ਗੱਲਾਂ ਬਾਤਾਂ ਕਰਨ ਲੱਗੇ ਅਤੇ ਕੁਝ ਔਰਤਾਂ ਨੇ ਬੋਲੀਆਂ ਤੇ ਗਿੱਧੇ ਨਾਲ ਰੰਗ ਬੰਨਿਆਂ। ਤੁਰ ਕੇ ਸਾਰੀ ਆਈਲੈਂਡ ਨੂੰ ਵੇਖਣਾ ਮੁਸ਼ਕਿਲ ਹੈ, ਇਸ ਦਾ ਚੰਗਾ ਬਦਲ, ਉੱਥੇ ਚੱਲ ਰਹੀ ਟਰੈਮ ਸੇਵਾ ਨੂੰ ਗਰੁੱਪ ਨੇ ਵਰਤਿਆ। ਪੂਰੀ ਦੀ ਪੂਰੀ ਟਰੈਮ ਗਰੁੱਪ ਦੇ ਮੈਂਬਰਾਂ ਨਾਲ ਭਰ ਗਈ ਅਤੇ ਇਸ ਤਰ੍ਹਾਂ ਆਈਲੈਂਡ ਦੇ ਸਾਰੇ ਇਲਾਕੇ ਨੂੰ ਵੇਖਣ ਦਾ ਮੌਕਾ ਮਿਲ ਗਿਆ। ਵਾਪਿਸ ਆ ਕੇ ਸਭ ਨੇ ਰਲ ਮਿਲ ਆਪਣੇ ਨਾਲ ਲਿਆਂਦਾ ਚਾਹ ਪਾਣੀ ਪੀਤਾ ਅਤੇ ਵਾਪਸੀ ਦਾ ਸਫਰ ਫਿਰ ਗੱਲਾਂ ਬਾਤਾਂ ਕਰਕੇ ਬੜੇ ਰੌਚਿਕ ਤਰੀਕੇ ਪੂਰਾ ਕੀਤਾ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS