ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੁਨੀਆਂ ਦੇ ਉਨ੍ਹਾਂ 10 ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਡਾਇਬਟੀਜ਼ ਟਾਈਪ-1 ਸੱਭ ਤੋਂ ਵਧੇਰੇ ਹੈ ਅਤੇ ਇਸ ਟਾਈਪ-1 ਡਾਇਬਟੀਜ਼ ਦਾ ਪ੍ਰਚਲਨ ਆਉਣ ਵਾਲੇ ਦੋ ਦਹਾਕਿਆਂ ਵਿੱਚ ਹੋਰ ਵੀ ਵੱਧ ਰਿਹਾ ਹੈ। ਇਸ ਲਈ ਇਨ੍ਹਾਂ ਹਾਲਾਤ ਨੂੰ ਸਮਝਣ, ਇਨ੍ਹਾਂ ਨਾਲ ਨਜਿੱਠਣ ਅਤੇ ਇਨ੍ਹਾਂ ਤੋਂ ਪੈਦਾ ਹੋਈਆਂ ਪੇਚੀਦਗੀਆਂ ਨੂੰ ਰੋਕਣ ਲਈ ਯੋਗ ਹੱਲ ਲੱਭਣੇ ਅਤੀ ਜ਼ਰੂਰੀ ਹਨ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦੱਸਿਆ ਕਿ ਏਸੇ ਲਈ ਕੈਨੇਡਾ ਸਰਕਾਰ ਜੇਡੀਆਰਐੱਫ਼ ਦੇ ਨਾਲ ਮਿਲ ਕੇ ਇਸ ਨਾਲ ਸਬੰਧਿਤ 12 ਵੱਖ-ਵੱਖ ਪ੍ਰੋਜੈੱਕਟਾਂ ਤੇ ਖੋਜ ਕਰਨ ਲਈ 33 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕਰ ਰਹੀ ਹੈ ਜਿਸ ਨਾਲ ਇਸ ਬੀਮਾਰੀ ਤੋਂ ਬਚਾਅ ਅਤੇ ਇਸ ਨੂੰ ਰੋਕਣ, ਇਸ ਦੇ ਕਾਰਨ ਜਾਨਣ ਅਤੇ ਇਸ ਦੇ ਇਲਾਜ ਲਈ ਪ੍ਰਬੰਧ ਕੀਤਾ ਜਾਏਗਾ।
ਚਾਰ ਖੋਜ ਟੀਮਾਂ ਟਾਈਪ-1 ਡਾਇਬਟੀਜ਼ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਸ਼ੁੱਧਤਾ ‘ ਤੇ ਕੰਮ ਕਰਨਗੀਆਂ ਤਾਂ ਜੋ ਇਸ ਬੀਮਾਰੀ ਦੇ ਮਰੀਜ਼ਾਂ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਜਾ ਸਕੇ ਅਤੇ ਉਨ੍ਹਾਂ ਵਿੱਚ ਬੀਟਾ ਸੈੱਲਾਂ ਦੀ ਗਿਣਤੀ ਦੀ ਵਿਭਿੰਨਤਾ ਦਾ ਸਹੀ ਪਤਾ ਲਗਾਇਆ ਜਾ ਸਕੇ। ਇਨ੍ਹਾਂ ਵਿੱਚੋਂ ਇੱਕ ਟੀਮ ਜੋ ਕਿ ਟਾਈਪ-1 ਦੇ ਨੌਜਵਾਨ ਮਰੀਜ਼ਾਂ ਦੇ ਜੀਨਜ਼, ਵਾਤਾਵਰਣ ਅਤੇ ਸਮਾਜਿਕ ਹਾਲਾਤ ਉੱਪਰ ਕੰਮ ਕਰ ਰਹੀ ਹੈ, ਦੀ ਅਗਵਾਈ ਸਿੱਕ ਕਿੱਡਜ਼ ਹਸਪਤਾਲ ਦੇ ਡਾ. ਫ਼ਰੀਦ ਮੁਹੰਮਦ ਕਰ ਰਹੇ ਹਨ।
ਹੋਰ ਸੱਤ ਟੀਮਾਂ ਡਾਇਬਟੀਜ਼ ਦੇ ਬੱਚਿਆਂ ਅਤੇ ਨੌਜਵਾਨ ਮਰੀਜ਼ਾਂ ਦੀਆਂ ਦਿਮਾਗ਼ੀ, ਭਾਵਨਾਤਮਿਕ ਤੇ ਸਮਾਜਿਕ ਹਾਲਾਤ, ਡਾਇਬਟੀਜ਼ ਤੋਂ ਬਚਾਅ ਅਤੇ ਇਸ ਦੇ ਲਈ ਯੋਗ ਪ੍ਰਬੰਧ ਬਾਰੇ ਖੋਜ ਕਰਨਗੀਆਂ। ਇਨ੍ਹਾਂ ਵਿੱਚੋਂ ਚਾਰ ਪ੍ਰਾਜੈੱਕਟ ਟਾਈਪ-1 ਅਤੇ ਤਿੰਨ ਟਾਈਪ-2 ਡਾਇਬਟੀਜ਼ ਉੱਪਰ ਕੇਂਦ੍ਰਿਤ ਹੋਣਗੇ।
ਇਹ ਫ਼ੰਡਿੰਗ ਸਿੱਕ ਕਿੱਡਜ਼ ਵਿਖੇ ਡਾ. ਡਿਆਨੇ ਵੈਰੱਟ ਦੀ ਅਗਵਾਈ ਵਿੱਚ ਚੱਲ ਰਹੀ ਨੈਸ਼ਨਲ ਸਕਰੀਨਿੰਗ ਰੀਸਰਚ ਕਨਸੌਰਟੀਅਮ ਦੀ ਵੀ ਸਹਾਇਤਾ ਕਰੇਗੀ ਜਿਹੜੀ ਕਿ ਡਾਇਬਟੀਜ਼ ਦੇ ਮਾਹਿਰਾਂ ਅਤੇ ਕੈਨੇਡਾ ਵਿਚ ਟਾਈਪ-1 ਡਾਇਬਟੀਜ਼ ਨਾਲ ਜੂਝ ਰਹੇ ਮਰੀਜ਼ਾਂ ਨੂੰ ਇਸ ਬੀਮਾਰੀ ਦੀ ਮੁੱਢਲੀ ਸਟੇਜ ਵਿੱਚ ਪਛਾਨਣ ਲਈ ਨਜ਼ਦੀਕ ਲਿਆਏਗੀ।
ਕੈਨੇਡਾ ਸਰਕਾਰ ਵੱਲੋਂ ਇਸ ਦੇ ਲਈ ਕੀਤੀ ਜਾ ਰਹੀ ਫੰਡਿੰਗ ਕੈਨੇਡੀਅਨ ਇੰਸਟੀਚਿਊਟ ਆਫ ਹੈੱਲਥ ਦੁਆਰਾ ਜੇਡੀਆਰਐੱਫ ਕੈਨੇਡਾ ਦੇ ਸਹਿਯੋਗ ਨਾਲ ਡਾਇਬਟੀਜ਼ ਨੂੰ ਹਰਾਉਣ ਲਈ ਸੀਆਈਐੱਚਆਰ-ਜੇਆਰਡੀਐੱਫ਼ ਦੀ ਸਾਂਝੀ ਕੋਸ਼ਿਸ਼ ਨਾਲ ਇਨਸੂਲੀਨ ਦੀ 100 ਸਾਲ ਪਹਿਲਾਂ ਕੀਤੀ ਗਈ ਖੋਜ ਦੀ ਪਹਿਲਕਦਮੀ ਦੇ ਇੱਕ ਹਿੱਸੇ ਨੂੰ ਦਰਸਾਉਂਦੀ ਹੈ।