Breaking News
Home / ਸੰਪਾਦਕੀ / ਭਾਰਤ ‘ਚ ਭਾਜਪਾ ਵਿਰੋਧੀ ਗਠਜੋੜ ਦੀਆਂ ਕੋਸ਼ਿਸ਼ਾਂ

ਭਾਰਤ ‘ਚ ਭਾਜਪਾ ਵਿਰੋਧੀ ਗਠਜੋੜ ਦੀਆਂ ਕੋਸ਼ਿਸ਼ਾਂ

ਭਾਜਪਾ ਵਿਰੋਧੀ ਧਿਰਾਂ ਨੇ ਇਕ ਵਾਰ ਫਿਰ ਇਕੱਠੇ ਹੋਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਅਜਿਹਾ ਯਤਨ ਉਨ੍ਹਾਂ ਨੇ ਸਾਲ 2014 ਅਤੇ ਉਸ ਤੋਂ ਬਾਅਦ 2019 ਦੀਆਂ ਚੋਣਾਂ ਸਮੇਂ ਵੀ ਕੀਤਾ ਸੀ ਪਰ ਉਸ ਵੇਲੇ ਇਹ ਯਤਨ ਅੱਧੇ-ਅਧੂਰੇ ਹੀ ਰਹਿ ਗਏ ਸਨ। ਉਸ ਸਮੇਂ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਸੀ ਕਿ ਆਉਂਦੇ ਸਮੇਂ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਇਸ ਕਦਰ ਮਜ਼ਬੂਤ ਹੋ ਜਾਵੇਗੀ ਅਤੇ ਉਹ ਆਪਣੇ ਮਿੱਥੇ ਨਿਸ਼ਾਨਿਆਂ ਨੂੰ ਪੂਰਾ ਕਰਨ ਵਿਚ ਲਗਾਤਾਰ ਸਫ਼ਲ ਵੀ ਹੁੰਦੀ ਜਾਏਗੀ। ਪਿਛਲੇ 9 ਸਾਲ ਦੇ ਅਰਸੇ ਵਿਚ ਦੇਸ਼ ਅਤੇ ਦੁਨੀਆ ਨੇ ਅਜਿਹਾ ਵਾਪਰਦਾ ਦੇਖਿਆ ਹੈ। ਬਹੁਤ ਸਾਰੇ ਮਸਲਿਆਂ ‘ਤੇ ਵੱਡੇ ਵਿਵਾਦ ਵੀ ਪੈਦਾ ਹੋਏ ਹਨ। ਦੇਸ਼ ਸਾਹਮਣੇ ਵੱਡੀਆਂ ਚੁਣੌਤੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਇਸ ਸਾਰੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਦੀ ਪਕੜ ਮਜ਼ਬੂਤ ਹੁੰਦੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਦ ਬੁੱਤ ਹੋਰ ਵੀ ਵਧਦਾ ਗਿਆ ਹੈ।
ਅਗਲੇ ਸਾਲ ਭਾਰਤ ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਵੇਖ ਕੇ ਬਹੁਤੀਆਂ ਸਿਆਸੀ ਪਾਰਟੀਆਂ ਸਹਿਮੀਆਂ ਜਾਪਦੀਆਂ ਹਨ। ਅਜਿਹੇ ਸਹਿਮ ‘ਚੋਂ ਹੀ ਉਹ ਇਕ ਵਾਰ ਫਿਰ ਭਾਜਪਾ ਅਤੇ ਨਰਿੰਦਰ ਮੋਦੀ ਦੇ ਖਿਲਾਫ ਇਕੱਠੀਆਂ ਹੋਣ ਲਈ ਯਤਨਸ਼ੀਲ ਹੋਈਆਂ ਹਨ। ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਜਾ ਰਿਹਾ ਹੈ ਕਿ ਹੁਣ ਇਕੱਠੇ ਹੋ ਕੇ ਹੀ ਭਾਜਪਾ ਵਰਗੀ ਮਜ਼ਬੂਤ ਸ਼ਕਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਵੀ ਦੇਸ਼ ਭਰ ਵਿਚ ਅਜਿਹੀ ਸਰਗਰਮੀ ਸ਼ੁਰੂ ਹੋਈ ਸੀ। ਉਸ ਸਮੇਂ ਪ੍ਰਬੁੱਧ ਆਗੂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ਬਿਹਾਰ ਤੋਂ ਅੰਦੋਲਨ ਸ਼ੁਰੂ ਹੋਇਆ ਸੀ। ਹੁਣ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਸੇ ਗੱਲ ਨੂੰ ਦੁਹਰਾਇਆ ਹੈ ਕਿ ਇਸ ਵਾਰ ਵੀ ਇਹ ਸੰਘਰਸ਼ ਬਿਹਾਰ ‘ਚੋਂ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਸ ਗੱਲ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਸਰਗਰਮ ਵੀ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਇਸ ਸੰਬੰਧੀ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਇਕ ਮਹਾਂਗਠਬੰਧਨ ਬਣਾਉਣ ਲਈ ਪ੍ਰੇਰਿਆ ਸੀ। ਇਸੇ ਤਰ੍ਹਾਂ ਹੀ ਮਮਤਾ ਬੈਨਰਜੀ ਵੀ ਪਿਛਲੇ ਦਿਨੀਂ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੀ ਸੀ। ਉਸ ਤੋਂ ਬਾਅਦ ਉਹ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਆਗੂ ਐਚ.ਡੀ. ਕੁਮਾਰਸੁਆਮੀ ਨੂੰ ਵੀ ਮਿਲ ਚੁੱਕੀ ਹੈ। ਹੁਣ ਨਿਤਿਸ਼ ਕੁਮਾਰ ਜੋ ਕਿ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਹਨ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਜੋ ਬਿਹਾਰ ਦੇ ਉਪ ਮੁੱਖ ਮੰਤਰੀ ਹਨ, ਨੂੰ ਨਾਲ ਲੈ ਕੇ ਮਮਤਾ ਬੈਨਰਜੀ ਨੂੰ ਮਿਲਣ ਕੋਲਕਾਤਾ ਗਏ ਸਨ। ਉਨ੍ਹਾਂ ਮਮਤਾ ਨੂੰ ਇਹ ਅਪੀਲ ਕੀਤੀ ਕਿ ਸਾਰੀਆਂ ਹੀ ਪਾਰਟੀਆਂ ਨੂੰ ਇਕੱਠੇ ਹੋ ਕੇ ਭਾਜਪਾ ਦੇ ਮੁਕਾਬਲੇ ਵਿਚ ਉਤਰਨਾ ਚਾਹੀਦਾ ਹੈ। ਇਨ੍ਹਾਂ ਸਾਰੇ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੈ ਕਿ ਅੱਜ ਦੇ ਹਾਲਾਤ ਵਿਚ ਨਰਿੰਦਰ ਮੋਦੀ ਨੂੰ ਸਿਆਸੀ ਚੁਣੌਤੀ ਦੇ ਸਕਣਾ ਆਸਾਨ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਵਿਚ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਮਹਿੰਗਾਈ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ ਅਤੇ ਇਹ ਵੀ ਕਿ ਕੇਂਦਰ ਸਰਕਾਰ ਇਨ੍ਹਾਂ ਨੂੰ ਹੱਲ ਕਰਨ ਵਿਚ ਅਸਮਰੱਥ ਸਾਬਤ ਹੋਈ ਹੈ।
ਚਾਹੇ ਅਜਿਹੀ ਸਰਗਰਮੀ ਨੂੰ ਬਹੁਤੀਆਂ ਵਿਰੋਧੀ ਪਾਰਟੀਆਂ ਅਤੇ ਆਗੂਆਂ ਨੇ ਸਲਾਹਿਆ ਹੈ ਪਰ ਅਮਲੀ ਰੂਪ ਵਿਚ ਕਿਸੇ ਗੱਠਜੋੜ ਨੂੰ ਤਿਆਰ ਕਰ ਸਕਣਾ ਬੇਹੱਦ ਗੁੰਝਲਦਾਰ ਜ਼ਰੂਰ ਹੋਵੇਗਾ। ਵੱਡਾ ਸਵਾਲ ਅਗਵਾਈ ਦਾ ਹੋਵੇਗਾ ਅਤੇ ਇਸ ਦੇ ਨਾਲ-ਨਾਲ ਸਿਧਾਂਤਕ ਤੌਰ ‘ਤੇ ਵੀ ਇਕਸੁਰਤਾ ਬਣਾਈ ਜਾਣੀ ਜ਼ਰੂਰੀ ਹੋਵੇਗੀ। ਬਿਨਾਂ ਸ਼ੱਕ ਅੱਜ ਕੌਮੀ ਜਮਹੂਰੀ ਗੱਠਜੋੜ ਜਿਸ ਦੀ ਅਗਵਾਈ ਭਾਜਪਾ ਕਰ ਰਹੀ ਸੀ ਵਿਚ, ਉਸ ਦੇ ਬਹੁਤ ਘੱਟ ਸਾਥੀ ਰਹਿ ਗਏ ਹਨ ਅਤੇ ਉਹ ਵੀ ਅਜਿਹੇ ਜਿਨ੍ਹਾਂ ਦਾ ਕੁਝ ਪ੍ਰਾਂਤਾਂ ਵਿਚ ਹੀ ਵੱਡਾ ਆਧਾਰ ਹੈ ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਵਿਚ ਵੱਡਾ ਬਹੁਮਤ ਹੈ, ਜਿਸ ਨੂੰ ਅਗਲੀਆਂ ਚੋਣਾਂ ਵਿਚ ਵੀ ਘਟਾਇਆ ਜਾਣਾ ਬੇਹੱਦ ਮੁਸ਼ਕਿਲ ਹੋਵੇਗਾ। ਫਿਰ ਵੀ ਵਿਰੋਧੀ ਪਾਰਟੀਆਂ ਦੀ ਏਕਤਾ ਦੇ ਯਤਨਾਂ ਨੂੰ ਜਮਹੂਰੀਅਤ ਦੀ ਮਜ਼ਬੂਤੀ ਦੇ ਪੱਖ ਤੋਂ ਚੰਗਾ ਹੀ ਮੰਨਿਆ ਜਾਏਗਾ। ਬਾਕੀ ਸਮਾਂ ਹੀ ਦੱਸੇਗਾ ਕਿ ਵਿਰੋਧੀ ਪਾਰਟੀਆਂ ਇਸ ਵਿਚ ਕਿਥੋਂ ਤੱਕ ਸਫ਼ਲ ਹੁੰਦੀਆਂ ਹਨ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …