Breaking News
Home / ਭਾਰਤ / ਸਾਂਝੇ ਸਿਵਲ ਕੋਡ ਪਿੱਛੇ ਭਾਜਪਾ ਦੇ ਇਰਾਦੇ ਨੇਕ ਨਹੀਂ: ਕੇਜਰੀਵਾਲ

ਸਾਂਝੇ ਸਿਵਲ ਕੋਡ ਪਿੱਛੇ ਭਾਜਪਾ ਦੇ ਇਰਾਦੇ ਨੇਕ ਨਹੀਂ: ਕੇਜਰੀਵਾਲ

‘ਆਪ’ ਸੁਪਰੀਮੋ ਨੇ ਯੂਸੀਸੀ ਪੂਰੇ ਦੇਸ਼ ‘ਚ ਲਾਗੂ ਕਰਨ ਦੀ ਦਿੱਤੀ ਚੁਣੌਤੀ
ਭਾਵਨਗਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਾਮੀ ਗੁਜਰਾਤ ਚੋਣਾਂ ਤੋਂ ਪਹਿਲਾਂ ਸੂਬੇ ਦੀ ਭਾਜਪਾ ਸਰਕਾਰ ਵੱਲੋਂ ਸਾਂਝਾ ਸਿਵਲ ਕੋਡ ਲਾਗੂ ਕਰਨ ਲਈ ਕਮੇਟੀ ਗਠਿਤ ਕੀਤੇ ਜਾਣ ਦੇ ਇਰਾਦੇ ‘ਤੇ ਉਜਰ ਜਤਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਰਾਦੇ ਨੇਕ ਨਹੀਂ ਜਾਪਦੇ ਤੇ ਇਹ ਫੈਸਲਾ ਮਹਿਜ਼ ਚੋਣ ਪੈਂਤੜਾ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਸਾਂਝੇ ਸਿਵਲ ਕੋਡ ਬਾਰੇ ਵਾਕਈ ਗੰਭੀਰ ਹੈ ਤਾਂ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰੇ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਕੀ ਇਸ ਦਿਸ਼ਾ ਵਿੱਚ ਪੇਸ਼ਕਦਮੀ ਲਈ ਲੋਕ ਸਭਾ ਚੋਣਾਂ ਦੀ ਉਡੀਕ ਹੈ। ਕੇਜਰੀਵਾਲ ਗੁਜਰਾਤ ਫੇਰੀ ਦੇ ਤੀਜੇ ਦਿਨ ਭਾਵਨਗਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਚੋਣ ਕਮਿਸ਼ਨ ਵੱਲੋਂ ਗੁਜਰਾਤ ਅਸੈਂਬਲੀ ਚੋਣਾਂ ਲਈ ਇਸ ਹਫ਼ਤੇ ਚੋਣ ਪ੍ਰੋਗਰਾਮ ਐਲਾਨੇ ਜਾਣ ਦੇ ਅਸਾਰ ਹਨ। ਗੁਜਰਾਤ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਸੂਬੇ ਵਿੱਚ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕਰਨ ਲਈ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਕਿਹਾ ਸੀ ਕਿ ਸੂਬੇ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ।
ਕੇਜਰੀਵਾਲ ਨੇ ਗੁਜਰਾਤ ਸਰਕਾਰ ਦੇ ਉਪਰੋਕਤ ਫੈਸਲੇ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ, ”ਉਨ੍ਹਾਂ ਦੇ ਇਰਾਦੇ ਨੇਕ ਨਹੀਂ ਹਨ।” ‘ਆਪ’ ਕਨਵੀਨਰ ਨੇ ਕਿਹਾ, ”ਸੰਵਿਧਾਨ ਦੀ ਧਾਰਾ 44 ਵਿੱਚ ਸਪਸ਼ਟ ਲਿਖਿਆ ਹੈ ਕਿ ਸਾਂਝਾ ਸਿਵਲ ਕੋਡ ਘੜਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਲਿਹਾਜ਼ਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੇ ਭਾਈਚਾਰਿਆਂ ਦੀ ਸਹਿਮਤੀ ਨਾਲ ਸਾਂਝਾ ਸਿਵਲ ਕੋਡ ਘੜੇ ਤੇ ਭਾਈਚਾਰਿਆਂ ਨੂੰ ਨਾਲ ਲੈ ਕੇ ਤੁਰੇ।” ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਉੱਤਰਾਖੰਡ ਚੋਣਾਂ ਤੋਂ ਪਹਿਲਾਂ ਵੀ ਅਜਿਹੀ ਇਕ ਕਮੇਟੀ ਕਾਇਮ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ, ”ਚੋਣਾਂ ਜਿੱਤਣ ਮਗਰੋਂ ਕਮੇਟੀ ਘਰ ਨੂੰ ਪਰਤ ਗਈ। ਹੁਣ ਗੁਜਰਾਤ ਚੋਣਾਂ ਤੋਂ ਐਨ ਪਹਿਲਾਂ ਉਨ੍ਹਾਂ ਇਕ ਹੋਰ ਕਮੇਟੀ ਗਠਿਤ ਕੀਤੀ ਹੈ। ਚੋਣਾਂ ਮਗਰੋਂ ਇਸ ਕਮੇਟੀ (ਦੇ ਮੈਂਬਰ) ਵੀ ਘਰਾਂ ਨੂੰ ਪਰਤ ਜਾਣਗੇ।” ਕੇਜਰੀਵਾਲ ਨੇ ਸਵਾਲ ਕੀਤਾ ਕਿ ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਅਜਿਹੀ ਕੋਈ ਕਮੇਟੀ ਕਿਉਂ ਨਹੀਂ ਬਣਾਈ ਗਈ। ਉਨ੍ਹਾਂ ਕਿਹਾ, ”ਜੇਕਰ ਉਨ੍ਹਾਂ ਦਾ ਇਰਾਦਾ ਸਾਂਝਾ ਸਿਵਲ ਕੋਡ ਲਾਗੂ ਕਰਨ ਦਾ ਹੈ, ਤਾਂ ਫਿਰ ਉਹ ਇਸ ਨੂੰ ਪੂਰੇ ਦੇਸ਼ ਲਈ ਘੜਦੇ ਅਤੇ ਲਾਗੂ ਕਿਉਂ ਨਹੀਂ ਕਰਦੇ? ਕੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੀ ਉਡੀਕ ਹੈ। ਇਸ ਲਈ ਪਹਿਲਾਂ ਉਨ੍ਹਾਂ ਨੂੰ ਪੁੱਛੋ ਕਿ ਕੇਜਰੀਵਾਲ ਇਹ ਕਹਿ ਰਿਹੈ ਕਿ ਤੁਸੀਂ ਸਾਂਝਾ ਸਿਵਲ ਕੋਡ ਲਾਗੂ ਨਹੀਂ ਕਰਨਾ ਚਾਹੁੰਦੇ, ਤੁਹਾਡਾ ਇਰਾਦਾ ਨੇਕ ਨਹੀਂ ਹੈ।”
ਗੁਜਰਾਤ ਫੇਰੀ ਦੇ ਤੀਜੇ ਦਿਨ ਕੇਜਰੀਵਾਲ ਨੇ ਸਥਾਨਕ ਕੋਲੀ ਭਾਈਚਾਰੇ ਦੇ ਆਗੂ ਤੇ ਸਮਾਜਿਕ ਵਰਕਰ ਰਾਜੂ ਸੋਲੰਕੀ ਦਾ ‘ਆਪ’ ਵਿੱਚ ਸਵਾਗਤ ਕੀਤਾ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਨੇ ਜਦੋਂ ਦਾ ਗੁਜਰਾਤ ਵਿੱਚ ਕੰਮ ਸ਼ੁਰੂ ਕੀਤਾ ਹੈ, ਲੋਕਾਂ ਨੂੰ ਉਨ੍ਹਾਂ ਦੀ ਪਾਰਟੀ ‘ਚ ਆਸ ਦੀ ਕਿਰਨ ਨਜ਼ਰ ਆਈ ਹੈ। ਕੋਲੀ ਭਾਈਚਾਰਾ ਹੋਰਨਾਂ ਪੱਛੜੀਆਂ ਸ਼੍ਰੇਣੀਆਂ (ਓਬੀਸੀ’ਜ਼) ਵਰਗ ਵਿੱਚ ਆਉਂਦਾ ਹੈ, ਜਿਸ ਦੀ ਗੁਜਰਾਤ ਦੇ ਵੱਖ ਵੱਖ ਹਿੱਸਿਆਂ ਵਿੱਚ ਗਿਣਤੀ ਪੱਖੋਂ ਪ੍ਰਭਾਵਸ਼ਾਲੀ ਮੌਜੂਦਗੀ ਹੈ। ਇਸ ਦੌਰਾਨ ਉੱਘਾ ਪਾਟੀਦਾਰ ਆਗੂ ਅਲਪੇਸ਼ ਕਥੀਰੀਆ ਵੀ ‘ਆਪ’ ਵਿੱਚ ਸ਼ਾਮਲ ਹੋ ਗਿਆ। ਸਾਲ 2015 ਵਿੱਚ ਪਾਟੀਦਾਰ ਭਾਈਚਾਰੇ ਨੂੰ ਰਾਖਵਾਂਕਰਨ ਲਈ ਵਿੱਢੇ ਅੰਦੋਲਨ ਵਿੱਚ ਕਥੀਰੀਆ ਵੀ ਸ਼ਾਮਲ ਸੀ।
ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਾ ਚਾਹੀਦੈ: ਮਨੋਜ ਤਿਵਾੜੀ
ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ‘ਆਪ’ ਆਗੂ ਨੂੰ ਪੰਜਾਬ ਜਾ ਕੇ ਉੱਥੋਂ ਦਾ ਮੁੱਖ ਮੰਤਰੀ ਬਣ ਜਾਣਾ ਚਾਹੀਦਾ ਹੈ। ਭਾਜਪਾ ਆਗੂ ਨੇ ਕੌਮੀ ਰਾਜਧਾਨੀ ‘ਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ ਕੇਜਰੀਵਾਲ ਦੀ ਆਲੋਚਨਾ ਕੀਤੀ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …