Breaking News
Home / ਭਾਰਤ / ਕਾਂਗਰਸ ਤੇ ਖੱਬੇ ਪੱਖੀ ਸਮੇਤ ਸਾਰੀਆਂ ਵਿਰੋਧੀ ਧਿਰਾਂ ਦਾ ਇਕ ਮੋਰਚਾ ਸਮੇਂ ਦੀ ਲੋੜ : ਨਿਤੀਸ਼ ਕੁਮਾਰ

ਕਾਂਗਰਸ ਤੇ ਖੱਬੇ ਪੱਖੀ ਸਮੇਤ ਸਾਰੀਆਂ ਵਿਰੋਧੀ ਧਿਰਾਂ ਦਾ ਇਕ ਮੋਰਚਾ ਸਮੇਂ ਦੀ ਲੋੜ : ਨਿਤੀਸ਼ ਕੁਮਾਰ

ਇਨੈਲੋ ਵਲੋਂ ਰੱਖੀ ਰੈਲੀ ‘ਚ ਭਾਜਪਾ ਵਿਰੋਧੀ ਪਾਰਟੀਆਂ ਦੇ ਆਗੂ ਹੋਏ ਸ਼ਾਮਲ
ਫਤਿਹਾਬਾਦ/ਬਿਊਰੋ ਨਿਊਜ਼ : ਜਨਨਾਇਕ ਤਾਊ ਦੇਵੀ ਲਾਲ ਦੀ 109ਵੀਂ ਜੈਅੰਤੀ ਨੂੰ ਸਮਰਪਿਤ ਇਨੈਲੋ ਵਲੋਂ ਰੱਖੀ ਗਈ ਸਨਮਾਨ ਰੈਲੀ ‘ਚ ਗੈਰ ਭਾਜਪਾ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸ਼ਾਮਲ ਹੋ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਮੰਚ ‘ਤੇ ਆ ਕੇ ਇਕ ਮੋਰਚਾ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਖ਼ਾਸ ਕਰ ਮਹਿਲਾਵਾਂ ਸ਼ਾਮਲ ਵੀ ਹੋਈਆਂ। ਸ਼ਾਮਲ ਹੋਏ ਆਗੂਆਂ ‘ਚ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ, ਇਨੈਲੋ ਦੇ ਕਨਵੀਨਰ ਅਬੈ ਸਿੰਘ ਚੌਟਾਲਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ। ਸਾਰੇ ਨੇਤਾਵਾਂ ਨੇ ਚੌਧਰੀ ਦੇਵੀ ਲਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਾਜਪਾ ਨੂੰ ਟੱਕਰ ਦੇਣ ਲਈ ਕਾਂਗਰਸ ਅਤੇ ਖੱਬੇ ਪੱਖੀਆਂ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਵਿਰੋਧੀ ਧਿਰ ਦਾ ਇਹ ਮੁੱਖ ਮੋਰਚਾ ਯਕੀਨੀ ਬਣਾਏਗਾ ਕਿ 2024 ਦੀਆਂ ਆਮ ਚੋਣਾਂ ‘ਚ ਭਾਜਪਾ ਨੂੰ ਕਰਾਰੀ ਹਾਰ ਮਿਲੇ। ਰੈਲੀ ‘ਚ ਉਨ੍ਹਾਂ ਕਿਹਾ ਕਿ ਜੇਕਰ ਗੈਰ ਭਾਜਪਾ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਉਨ੍ਹਾਂ ਲੋਕਾਂ ਤੋਂ ਛੁਟਕਾਰਾ ਪਾ ਸਕਦੇ ਹਨ ਜੋ ਦੇਸ਼ ਨੂੰ ਬਰਬਾਦ ਕਰਨ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਭਾਜਪਾ ‘ਤੇ ਆਰੋਪ ਲਾਇਆ ਕਿ ਉਹ ਸਿਆਸੀ ਲਾਹਾ ਲੈਣ ਲਈ ਸਮਾਜ ਵਿਚ ਹਿੰਦੂ-ਮੁਸਲਿਮ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ‘ਚ ਸਮਾਜ ਵਿਚ ਹਿੰਦੂ-ਮੁਸਲਿਮ ‘ਚ ਟਕਰਾਅ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਹਰ ਥਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ 1947 ਦੀ ਵੰਡ ਤੋਂ ਬਾਅਦ ਵੱਡੀ ਗਿਣਤੀ ‘ਚ ਮੁਸਲਮਾਨਾਂ ਨੇ ਭਾਰਤ ‘ਚ ਰਹਿਣਾ ਪਸੰਦ ਕੀਤਾ ਸੀ।
ਨਿਤੀਸ਼ ਕੁਮਾਰ ਨੇ ਸੁਝਾਅ ਦਿੱਤਾ ਕਿ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਤੋਂ ਬਿਨਾਂ ਵਿਰੋਧੀ ਮੋਰਚੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਮੰਚ ‘ਤੇ ਹਾਜ਼ਰ ਆਗੂਆਂ, ਜਿਨ੍ਹਾਂ ‘ਚ ਕਾਂਗਰਸ ਦੀਆਂ ਕੱਟੜ ਵਿਰੋਧੀ ਪਾਰਟੀਆਂ ਵੀ ਸ਼ਾਮਿਲ ਸਨ, ਨੂੰ ਵੱਡੀ ਏਕਤਾ ਲਈ ਕੰਮ ਕਰਨ ਦੀ ਅਪੀਲ ਕੀਤੀ।
ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ ਅਤੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਦੋਵੇਂ ਸ਼ੁਰੂ ਤੋਂ ਹੀ ਕਾਂਗਰਸ ਦੇ ਵਿਰੋਧੀ ਰਹੇ ਹਨ, ਐਨ.ਸੀ.ਪੀ. ਦੇ ਸ਼ਰਦ ਪਵਾਰ, ਸੀ. ਪੀ. ਆਈ.(ਐਮ) ਦੇ ਸੀਤਾਰਾਮ ਯੇਚੁਰੀ ਅਤੇ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ ਵਰਗੇ ਆਗੂਆਂ ਦੇ ਨਾਲ ਮੰਚ ‘ਤੇ ਹਾਜ਼ਰ ਸਨ। ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਵੀ ਮੰਚ ‘ਤੇ ਹਾਜ਼ਰ ਸਨ। ਹਾਲਾਂਕਿ ਕਾਂਗਰਸ ਵਲੋਂ ਕੋਈ ਵੀ ਆਗੂ ਰੈਲੀ ‘ਚ ਸ਼ਾਮਿਲ ਨਹੀਂ ਹੋਇਆ। ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਗੈਰ ਭਾਜਪਾ ਅਤੇ ਗੈਰ ਕਾਂਗਰਸ ਦੇ ਸੰਦਰਭ ‘ਚ ਕੋਈ ਤੀਜਾ ਮੋਰਚਾ ਨਹੀਂ ਸਗੋਂ ਸਾਰੀਆਂ ਵਿਰੋਧੀ ਪਾਰਟੀਆਂ ਦਾ ਮੁੱਖ ਮੋਰਚਾ ਸਮੇਂ ਦੀ ਲੋੜ ਹੈ। ਤਦ ਅਜਿਹਾ ਮੋਰਚਾ ਸ਼ਾਨਦਾਰ ਤਰੀਕੇ ਨਾਲ ਜਿੱਤੇਗਾ। ਰੈਲੀ ਤੋਂ ਜਾਣ ਸਮੇਂ ਨਿਤਿਸ਼ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਹੀਂ ਹਨ।
ਐਨ.ਸੀ.ਪੀ. ਆਗੂ ਸ਼ਰਦ ਪਵਾਰ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਹਰ ਕੋਈ 2024 ‘ਚ ਕੇਂਦਰ ‘ਚ ਸਰਕਾਰ ਬਦਲਣ ਲਈ ਕੰਮ ਕਰੇ। ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਖੁਦਕੁਸ਼ੀ ਕਰਨਾ ਕੋਈ ਹੱਲ ਨਹੀਂ ਹੈ ਤੇ ਅਸਲ ਹੱਲ ਇਹ ਹੈ ਕਿ ਸਰਕਾਰ ‘ਚ ਬਦਲਾਅ ਲਿਆਂਦਾ ਜਾਵੇ। ਪਵਾਰ ਨੇ ਕਿਹਾ ਕਿ ਕਿਸਾਨਾਂ ਨੇ ਰਾਸ਼ਟਰੀ ਰਾਜਧਾਨੀ ਦੀਆਂ ਹੱਦਾਂ ‘ਤੇ ਪ੍ਰਦਰਸ਼ਨ ਕੀਤਾ ਪਰ ਕੇਂਦਰ ਸਰਕਾਰ ਨੇ ਲੰਬਾ ਸਮਾਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਆਪਣੇ ਸੰਬੋਧਨ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਇਨੈਲੋ ਦੀ ਸਰਕਾਰ ਬਣਨ ‘ਤੇ ਹਰਿਆਣਾ ‘ਚ ਬੁਢਾਪਾ ਪੈਨਸ਼ਨ 10 ਹਜ਼ਾਰ ਹੋਵੇਗੀ, ਬੇਰੁਜ਼ਗਾਰਾਂ ਨੂੰ 21 ਹਜ਼ਾਰ ਭੱਤਾ ਦਿੱਤਾ ਜਾਵੇਗਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨੈਲੋ ਅਤੇ ਸ਼੍ਰੋਮਣੀ ਅਕਾਲ ਦਲ ਦੋਵੇਂ ਸਕੇ ਭਰਾ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਸ਼ਾਸਨ ਪ੍ਰਣਾਲੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਦੇ ਢਿੱਡ ਭਰਨ ਵਾਲੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਕੇਂਦਰ ਸਰਕਾਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਰ ਕਿਨਾਰ ਕਰਦਿਆਂ ਆਪਣੇ ਵਾਅਦਿਆਂ ਤੋਂ ਭੱਜਣ ਦਾ ਮਾੜਾ ਵਰਤਾਓ ਕੀਤਾ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਦਾ ਖ਼ਮਿਆਜ਼ਾ ਭੁਗਤਣਾ ਪਏਗਾ।

 

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …