ਕਿਹਾ : ਦੇਸ਼ ਵਿੱਚ ਤਾਨਾਸ਼ਾਹੀ ਹਕੂਮਤ ਦਾ ਰਾਜ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ‘ਤੇ ਅਸਿੱਧਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਨਫਰਤੀ ਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਰਾਹੀਂ ਭਾਰਤ ਦੀਆਂ ਮਜ਼ਬੂਤ ਨੀਂਹਾਂ ਨੂੰ ਕਮਜ਼ੋਰ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਪਾਰਟੀ ਦੇ 137ਵੇਂ ਸਥਾਪਨਾ ਦਿਵਸ ਮੌਕੇ ਕਾਂਗਰਸ ਵਰਕਰਾਂ ਨੂੰ ਦਿੱਤੇ ਸੁਨੇਹੇ ਵਿੱਚ ਸੋਨੀਆ ਗਾਂਧੀ ਨੇ ਕਿਹਾ ਕਿ ਇਤਿਹਾਸ ਨੂੰ ਝੁਠਲਾਇਆ ਜਾ ਰਿਹਾ ਹੈ ਤੇ ਦੇਸ਼ ਦੀ ‘ਗੰਗਾ-ਜਮੁਨੀ’ ਵਿਰਾਸਤ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਕਾਂਗਰਸ ਪ੍ਰਧਾਨ ਨੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਦੇਸ਼ ਦਾ ਆਮ ਨਾਗਰਿਕ ਅੱਜ ਅਸੁਰੱਖਿਅਤ ਤੇ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ। ਦੇਸ਼ ਵਿੱਚ ਜਮਹੂਰੀਅਤ ਤੇ ਸੰਵਿਧਾਨ ਨੂੰ ਅਣਡਿੱਠ ਕਰਕੇ ਤਾਨਾਸ਼ਾਹੀ ਹਕੂਮਤ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੂਕ ਦਰਸ਼ਕ ਨਹੀਂ ਬਣੀ ਰਹਿ ਸਕਦੀ ਤੇ ਕਿਸੇ ਨੂੰ ਵੀ ਦੇਸ਼ ਦੀ ਅਮੀਰ ਵਿਰਾਸਤ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਸੋਨੀਆ ਨੇ ਕਿਹਾ ਕਿ ਚੋਣਾਂ ਵਿੱਚ ਜਿੱਤ ਤੇ ਹਾਰ ਕੁਦਰਤੀ ਹੈ, ਪਰ ਸਾਡੇ ਵੰਨ-ਸੁਵੰਨੇ ਸਮਾਜ ਦੇ ਸਾਰੇ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਚਿਰਸਥਾਈ ਤੇ ਹਮੇਸ਼ਾ ਰਹਿਣ ਵਾਲੀ ਹੈ। ਸੋਨੀਆ ਗਾਂਧੀ ਦੀਆਂ ਇਹ ਟਿੱਪਣੀਆਂ ਅਜਿਹੇ ਮੌਕੇ ਆਈਆਂ ਹਨ ਜਦੋਂ ਹਿੰਦੂ ਧਾਰਮਿਕ ਆਗੂਆਂ ਦੇ ਇਕ ਵਰਗ ਨੇ ਮਹਾਤਮਾ ਗਾਂਧੀ ਨੂੰ ਬੁਰਾ ਭਲਾ ਆਖਦਿਆਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਸਚਾਈ ਤੇ ਧਰਮ ਦਾ ਪ੍ਰਤੀਕ ਦੱਸ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਨਫ਼ਰਤੀ ਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ, ਜਿਸ ਦੀ ਸਾਡੀ ਆਜ਼ਾਦੀ ਦੇ ਅੰਦੋਲਨ ਵਿੱਚ ਕੋਈ ਭੂਮਿਕਾ ਨਹੀਂ ਸੀ, ਹੁਣ ਸਾਡੇ ਸਮਾਜ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤਬਾਹ ਕਰ ਰਹੀ ਹੈ। ਉਹ ਇਤਿਹਾਸ ਨੂੰ ਮੁੜ ਲਿਖ ਰਹੇ ਹਨ ਤਾਂ ਕਿ ਖੁਦ ਨੂੰ ਉਹ ਭੂਮਿਕਾ ਦੇ ਸਕਣ, ਜਿਸ ਦੇ ਉਹ ਹੱਕਦਾਰ ਨਹੀਂ ਹਨ। ਉਹ ਸੰਤਾਪ ਨੂੰ ਭੜਕਾਉਂਦੇ ਹਨ, ਖ਼ੌਫ਼ ਨੂੰ ਦ੍ਰਿੜ ਕਰਵਾਉਂਦੇ ਤੇ ਦੁਸ਼ਮਣੀ ਫੈਲਾਉਂਦੇ ਹਨ। ਸਾਡੀ ਸੰਸਦੀ ਜਮਹੂਰੀਅਤ ਦੀਆਂ ਉੱਤਮ ਰਵਾਇਤਾਂ ਨੂੰ ਮਿੱਥ ਕੇ ਤਬਾਹ ਕੀਤਾ ਜਾ ਰਿਹੈ।
ਸੋਨੀਆ ਗਾਂਧੀ ਨੇ ਝੰਡੇ ਦੀ ਖਿੱਚੀ ਡੋਰੀ ਤਾਂ ਝੰਡਾ ਆਇਆ ਥੱਲੇ
ਨਵੀਂ ਦਿੱਲੀ : ਕਾਂਗਰਸ ਦੇ 137ਵੇਂ ਸਥਾਪਨਾ ਦਿਵਸ ਮੌਕੇ ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫਤਰ ‘ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪਾਰਟੀ ਦਾ ਤਿਰੰਗਾ ਝੰਡਾ ਲਹਿਰਾਉਣ ਮੌਕੇ ਇਹ ਝੰਡੇ ਵਾਲੇ ਪੋਲ ਤੋਂ ਹੇਠਾਂ ਆ ਡਿੱਗਾ। ਹਾਲਾਂਕਿ ਗਾਂਧੀ ਸਮੇਤ ਮੌਕੇ ‘ਤੇ ਮੌਜੂਦ ਪਾਰਟੀ ਦੇ ਖ਼ਜ਼ਾਨਚੀ ਪਵਨ ਬਾਂਸਲ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਹੀ ਝੰਡੇ ਨੂੰ ਹੱਥਾਂ ਵਿੱਚ ਸੰਭਾਲ ਲਿਆ। ਕਾਂਗਰਸ ਵਰਕਰ ਨੇ ਤਿਰੰਗੇ ਨੂੰ ਮੁੜ ਪੋਲ ਦੀ ਡੋਰੀ ਨਾਲ ਬੰਨਿਆ ਤੇ ਪਾਰਟੀ ਪ੍ਰਧਾਨ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਏ.ਕੇ.ਐਂਟਨੀ, ਮਲਿਕਾਰਜੁਨ ਖੜਗੇ ਵੀ ਮੌਜੂਦ ਸਨ। ਇਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਇਸ ਘਟਨਾ ‘ਤੇ ਨਾਖੁਸ਼ੀ ਜਤਾਉਂਦਿਆਂ ਭਵਿੱਖ ਵਿੱਚ ਵਧੇਰੇ ਚੌਕਸ ਰਹਿਣ ਲਈ ਕਿਹਾ ਹੈ।