ਰਾਜਧਾਨੀ ‘ਚ ਯੈਲੋ ਅਲਰਟ ਅਤੇ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਵਾਇਰਸ ਅਤੇ ਮਹਾਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ‘ਯੈਲੋ’ ਅਲਰਟ ਜਾਰੀ ਕੀਤਾ ਹੈ ਅਤੇ ਜਿਸ ਤਹਿਤ ਕੌਮੀ ਰਾਜਧਾਨੀ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤਰੀ ਕਰਫਿਊ ਲਾਗੂ ਰਹੇਗਾ। ਸਕੂਲ, ਕਾਲਜ, ਸਿਨੇਮਾ ਤੇ ਜਿਮ ਬੰਦ ਰਹਿਣਗੇ, ਗੈਰਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਸਤ-ਟਾਂਕ (ਔਡ-ਈਵਨ) ਦੇ ਆਧਾਰ ‘ਤੇ ਖੁੱਲ੍ਹਣਗੀਆਂ ਤੇ ਮੈਟਰੋ ਤੇ ਬੱਸਾਂ 50 ਫੀਸਦ ਦੀ ਸਮਰੱਥਾ ਨਾਲ ਚੱਲਣਗੀਆਂ।
ਅਰਵਿੰਦ ਕੇਜਰੀਵਾਲ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੋਵਿਡ-19 ਦੀ ਸਥਿਤੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਦਿੱਲੀ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਵਿੱਚ ਲਾਗ ਦੇ ਹਲਕੇ ਲੱਛਣ ਹਨ। ਉਨ੍ਹਾਂ ਕਿਹਾ ਕਿ ਯੈਲੋ ਅਲਰਟ ਤਹਿਤ ਨਿਰਧਾਰਤ ਪੈਮਾਨਿਆਂ ਅਨੁਸਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ 10 ਗੁਣਾ ਵੱਧ ਤਿਆਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕੇਸਾਂ ‘ਚ ਵਾਧਾ ਹੋਇਆ ਪਰ ਆਕਸੀਜਨ ਦੀ ਖਪਤ ਤੇ ਵੈਂਟੀਲੇਟਰ ਦੀ ਵਰਤੋਂ ‘ਚ ਵਾਧਾ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਕਰੋਨਾ ਸਬੰਧੀ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੌਮੀ ਰਾਜਧਾਨੀ ਵਿੱਚ ਪਹਿਲੇ ਪੱਧਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਅਨੁਸਾਰ ਗੈਰਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀਆਂ ਦੁਕਾਨਾਂ ਤੇ ਅਦਾਰੇ, ਮਾਲਜ਼ ਜਿਸਤ-ਟਾਂਕ ਫਾਰਮੂਲੇ ਦੇ ਆਧਾਰ ‘ਤੇ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਵਿਆਹ ਸਮਾਗਮਾਂ ਤੇ ਸਸਕਾਰ ਮੌਕੇ 20 ਵਿਅਕਤੀਆਂ ਦੀ ਹਾਜ਼ਰੀ ਦੀ ਆਗਿਆ ਹੋਵੇਗੀ ਜਦਕਿ ਹੋਰ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਤੇ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਵਿੱਚ ਇਕੱਠ ਦੀ ਮਨਾਹੀ ਹੋਵੇਗੀ। ਨਾਲ ਹੀ ਦਿੱਲੀ ਮੈਟਰੋ 50 ਫੀਸਦ ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਨਾਲ ਚੱਲੇਗੀ।
ਕੋਰਬੇਵੈਕਸ, ਕੋਵੋਵੈਕਸ ਟੀਕਿਆਂ ਤੇ ਮੋਲਨੂਪਿਰਾਵਿਰ ਗੋਲੀ ਦੀ ਹੰਗਾਮੀ ਵਰਤੋਂ ਨੂੰ ਮਨਜ਼ੂਰੀ
ਨਵੀਂ ਦਿੱਲੀ : ਕੇਂਦਰੀ ਡਰੱਗ ਅਥਾਰਟੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੋਵੈਕਸ, ਬਾਇਓਲੋਜੀਕਲ ਈ ਦੇ ਕੋਰਬੇਵੈਕਸ ਕਰੋਨਾ ਰੋਕੂ ਟੀਕਿਆਂ ਅਤੇ ਮੋਲਨੂਪਿਰਾਵਿਰ ਨਾਮ ਦੀ ਕਰੋਨਾ ਰੋਕੂ ਗੋਲੀ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਉਕਤ ਐਲਾਨ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐਸ. ਸੀ. ਓ.) ਦੀ ਕੋਵਿਡ-19 ‘ਤੇ ਵਿਸ਼ਾ ਮਾਹਿਰ ਕਮੇਟੀ (ਐਸ. ਈ. ਸੀ.) ਵਲੋਂ ਕੋਵਿਡ-19 ਟੀਕਿਆਂ ਨੂੰ ਕੁਝ ਸ਼ਰਤਾਂ ਦੇ ਨਾਲ ਐਮਰਜੈਂਸੀ ਵਰਤੋਂ ਦਾ ਅਧਿਕਾਰ (ਈ. ਯੂ. ਏ.) ਦੇਣ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਕੀਤਾ, ਜਦੋਂਕਿ ਸੀ. ਡੀ. ਐਸ. ਸੀ. ਓ. ਵਲੋਂ ਕੋਵਿਡ-19 ਵਾਲੇ ਬਾਲਗ ਮਰੀਜ਼ਾਂ ਅਤੇ ਜਿਨ੍ਹਾਂ ਨੂੰ ਬਿਮਾਰੀ ਦੇ ਵਧਣ ਦਾ ਜ਼ਿਆਦਾ ਖਤਰਾ ਹੈ, ਦੇ ਇਲਾਜ ਲਈ ਮੋਲਨੂਪਿਰਾਵਿਰ (ਗੋਲੀ) ਦਵਾਈ ਦੀ ਪ੍ਰਤੀਬੰਧਿਤ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਦੀ ਵੀ ਸਿਫਾਰਸ਼ ਕੀਤੀ ਹੈ। ਇਸ ਮਨਜ਼ੂਰੀ ਦੇ ਨਾਲ ਦੇਸ਼ ‘ਚ ਹੰਗਾਮੀ ਵਰਤੋਂ ਲਈ ਅਧਿਕਾਰ ਪ੍ਰਾਪਤ ਕੋਵਿਡ ਟੀਕਿਆਂ ਦੀ ਗਿਣਤੀ ਅੱਠ ਹੋ ਗਈ ਹੈ। ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ, ਭਾਰਤ ਬਾਇਓਟੈਕ ਦੀ ਕੋਵੈਕਸੀਨ, ਜ਼ਾਈਡਸ ਕੈਡਿਲਾ ਦੀ ਜ਼ਾਈਕੋਵੀ-ਡੀ, ਰੂਸ ਦੀ ਸਪੁਤਨਿਕ ਵੀ ਅਤੇ ਅਮਰੀਕਾ ਵਲੋਂ ਬਣੀ ਮੋਡੇਰਨਾ ਅਤੇ ਜੌਨਸਨ ਐਂਡ ਜੌਨਸਨ ਪਹਿਲਾਂ ਹੀ ਭਾਰਤੀ ਡਰੱਗ ਰੈਗੂਲੇਟਰ ਤੋਂ ਈ. ਯੂ. ਏ. ਪ੍ਰਾਪਤ ਕਰ ਚੁੱਕੇ ਹਨ।
ਪੰਜਾਬ ਵਿਚ 15 ਜਨਵਰੀ ਤੋਂ ਜਨਤਕ ਥਾਵਾਂ ‘ਤੇ ਜਾਣ ਲਈ ਮੁਕੰਮਲ ਟੀਕਾਕਰਨ ਜ਼ਰੂਰੀ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਵਿੱਚ 15 ਜਨਵਰੀ ਤੋਂ ਜਨਤਕ ਥਾਵਾਂ ਜਿਵੇਂ ਮਾਰਕੀਟਾਂ, ਮਾਲਾਂ, ਹੋਟਲਾਂ ਤੇ ਸਿਨਮਾ ਹਾਲਾਂ ਵਿੱਚ ਕੋਵਿਡ- 19 ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। ਸਰਕਾਰ ਨੇ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਦੇ ਬੈਂਕਾਂ, ਹੋਟਲਾਂ, ਬਾਰਾਂ, ਰੈਸਟੋਰੈਂਟਾਂ, ਮਾਲਜ਼, ਸ਼ਾਪਿੰਗ ਕੰਪਲੈਕਸਾਂ, ਸਿਨਮਾ ਹਾਲਾਂ, ਜਿਮਾਂ ਤੇ ਫਿਟਨੈੱਸ ਸੈਂਟਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਇਜਾਜ਼ਤ ਦੇਣ। ਸੂਬੇ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਚੰਡੀਗੜ੍ਹ ਵਿੱਚ ਸਥਿਤ ਸਾਰੇ ਸਰਕਾਰੀ, ਬੋਰਡ ਤੇ ਕਾਰਪੋਰੇਸ਼ਨ ਦਫ਼ਤਰਾਂ ਵਿੱਚ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ।