ਇਕ ਦੀ ਮੌਤ, ਤਿੰਨ ਮੈਂਬਰਾਂ ਦੀ ਹਾਲਤ ਗੰਭੀਰ, ਸੁਆਹ ਹੋਇਆ ਪਰਿਵਾਰ ਦਾ ਮੋਟਲ
ਕੈਨੇਡਾ ਦੇ ਅਲਬਰਟਾ ਸ਼ਹਿਰ ਦੀ ਘਟਨਾ, ਘਟਨਾ ਸਥਾਨ ‘ਤੇ ਲਿਖੀਆਂ ਗਈਆਂ ਨਸਲੀ ਟਿੱਪਣੀਆਂ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਦੇ ਸ਼ਹਿਰ ਅਲਬਰਟਾ ‘ਚ ਇਕ ਸਿੱਖ ਪਰਿਵਾਰ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ। ਇਸ ਪਰਿਵਾਰ ਦੇ ਮੋਟਲ ਨੂੰ ਅੱਗ ਲਗਾ ਦਿੱਤੀ ਗਈ। ਇਸ ‘ਚ ਇਕ ਮੈਂਬਰ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਝੁਲਸੇ ਗਏ। ਘਟਨਾ ਸਥਾਨ ‘ਤੇ ਨਸਲੀ ਟਿੱਪਣੀਆਂ ਲਿਖੀਆਂ ਮਿਲੀਆਂ। ਡੇਲੀ ਸਿੱਖ ਅਪਡੇਟ ਦੇ ਅਨੁਸਾਰ ਇਹ ਘਟਨਾ ਕੈਨੇਡਾ ਦੇ ਅਲਬਰਟਾ ‘ਚ ਟਿਵਾਣਾ ਪਰਿਵਾਰ ਨਾਲ ਹੋਈ। ਪੁਲਿਸ ਅਧਿਕਾਰੀਆਂ ਨੂੰ ਰਾਤ ਲਗਭਗ 1 ਵਜੇ ਵਾਸ਼ ਮੋਟਲ ਇਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਦੇ ਪਹੁੰਚਣ ਤੱਕ ਅੱਗ ਉਨ੍ਹਾਂ ਦੇ ਘਰ ਤੱਕ ਫੈਲ ਗਈ ਅਤੇ ਪਰਿਵਾਰ ਦੇ ਚਾਰ ਮੈਂਬਰ ਇਸ ਦੀ ਲਪੇਟ ‘ਚ ਆ ਗਏ। ਘਟਨਾ ਸਥਾਨ ‘ਤੇ ਪਹੁੰਚੇ ਅੱਗ ਬੁਝਾਊ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਜ਼ਖਮੀ ਚਾਰੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ। ਬੁਰੀ ਤਰ੍ਹਾਂ ਝੁਲਸੇ ਮੋਟਲ ਮਾਲਿਕ ਸਿੱਖ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਇਲਾਜ ਚਲ ਰਿਹਾ ਹੈ। ਫਿਲਹਾਲ ਇਸ ਘਟਨਾ ‘ਚ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸਥਾਨਕ ਲੋਕ ਇਸ ਘਟਨਾ ਨਾਲ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਸਾਰੇ ਮੈਂਬਰ ਮਿਲਣਸਾਰ ਹਨ। ਉਨ੍ਹਾਂ ਨੇ ਕਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ।ਇਹ ਹੀ ਨਹੀਂ, ਸ਼ਹਿਰ ਦੀਆਂ ਗਤੀਵਿਧੀਆਂ ‘ਚ ਉਹ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿੰਦੇ ਹਨ। ਸਥਾਨਕ ਲੋਕਾਂ ਨੇ ਪਰਿਵਾਰ ਦੀ ਸਹਾਇਤਾ ਲਈ 12 ਹਜ਼ਾਰ ਡਾਲਰ (ਲਗਭਗ 8 ਲੱਖ ਰੁਪਏ) ਇਕੱਠੇ ਕੀਤੇ ਹਨ।
ਐਸਜੀਪੀਸੀ ਨੇ ਘਟਨਾ ਦੀ ਕੀਤੀ ਨਿੰਦਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਿੱਖ ਪਰਿਵਾਰ ਨੂੰ ਜਿੰਦਾ ਜਲਾਉਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਜੇਕਰ ਇਸ ਘਟਨਾ ਨੂੰ ਜਾਣ ਬੁੱਝ ਕੇ ਅੰਜ਼ਾਮ ਦਿੱਤਾ ਗਿਆ ਹੈ ਤਾਂ ਇਨਸਾਨੀਅਤ ‘ਤੇ ਇਹ ਇਕ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਨੇ ਗੰਭੀਰ ਰੂਪ ‘ਚ ਜ਼ਖਮੀਆਂ ਦੇ ਜਲਦੀ ਸਿਹਤਮੰਤ ਹੋਣ ਦੀ ਅਰਦਾਸ ਕੀਤੀ। ਮੱਕੜ ਨੇ ਕਿਹਾ ਕਿ ਘਟਨਾ ਸਥਾਨ ‘ਤੇ ਨਸਲੀ ਟਿੱਪਣੀਆਂ ਲਿਖੀਆਂ ਮਿਲੀਆਂ ਹਨ। ਕੈਨੇਡਾ ਸਰਕਾਰ ਇਸ ਦੀ ਤੁਰੰਤ ਜਾਂਚ ਕਰਵਾਏ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਅਤੇ ਭਵਿੱਖ ‘ਚ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਹੋ ਸਕੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …