Breaking News
Home / ਜੀ.ਟੀ.ਏ. ਨਿਊਜ਼ / ਇਤਿਹਾਸ ਵਿੱਚ ਪਹਿਲੀ ਵਾਰੀ ਇਕ ਸਾਲ ‘ਚ ਕੈਨੇਡਾ ਪਹੁੰਚੇ ਰਿਕਾਰਡ ਇਮੀਗ੍ਰੈਂਟਸ

ਇਤਿਹਾਸ ਵਿੱਚ ਪਹਿਲੀ ਵਾਰੀ ਇਕ ਸਾਲ ‘ਚ ਕੈਨੇਡਾ ਪਹੁੰਚੇ ਰਿਕਾਰਡ ਇਮੀਗ੍ਰੈਂਟਸ

ਸਾਲ 2021 ‘ਚ 4 ਲੱਖ ਤੋਂ ਵੀ ਵੱਧ ਨਵੇਂ ਪਰਮਾਨੈਂਟ
ਰੈਜੀਡੈਂਟਸ ਨੂੰ ਸੱਦਿਆ ਜਾ ਚੁੱਕਾ ਹੈ ਕੈਨੇਡਾ
ਓਟਵਾ/ਬਿਊਰੋ ਨਿਊਜ਼ : ਮੂਲਵਾਸੀ ਲੋਕਾਂ ਤੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਸਾਰੇ ਕੈਨੇਡੀਅਨਜ਼ ਹੋਰਨਾਂ ਥਾਂਵਾਂ ਤੋਂ ਹੀ ਇੱਥੇ ਆ ਕੇ ਵਸੇ ਹਨ। ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਇਤਿਹਾਸ ਕਾਫੀ ਪੁਰਾਣਾ ਹੈ ਤੇ ਇਹ ਸਿਲਸਿਲਾ ਹੁਣ ਤੱਕ ਚੱਲ ਰਿਹਾ ਹੈ।
ਮਹਾਂਮਾਰੀ ਤੋਂ ਬਾਅਦ ਵਾਲੀ ਰਿਕਵਰੀ ਲਈ ਤੇ ਖੁਸ਼ਹਾਲ ਭਵਿੱਖ ਲਈ ਕੈਨੇਡਾ ਸਰਕਾਰ ਨੇ 2021-2023 ਦੇ ਇਮੀਗ੍ਰੇਸ਼ਨ ਲੈਵਲਜ਼ ਪਲੈਨ ਦੇ ਹਿੱਸੇ ਵਜੋਂ 2021 ਵਿੱਚ 401,000 ਨਵੇਂ ਪਰਮਾਨੈਂਟ ਰੈਜੀਡੈਂਟਸ ਦਾ ਸਵਾਗਤ ਕਰਨ ਦਾ ਟੀਚਾ ਮਿਥਿਆ ਸੀ। ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜਰ ਨੇ ਐਲਾਨ ਕੀਤਾ ਕਿ ਕੈਨੇਡਾ ਨੇ ਆਪਣਾ ਇਹ ਟੀਚਾ ਪੂਰਾ ਕਰ ਲਿਆ ਹੈ ਤੇ 2021 ਵਿੱਚ 401,000 ਤੋਂ ਵੀ ਵੱਧ ਨਵੇਂ ਪਰਮਾਨੈਂਟ ਰੈਜੀਡੈਂਟਸ ਨੂੰ ਕੈਨੇਡਾ ਸੱਦ ਚੁੱਕਿਆ ਹੈ। ਇਸ ਨਾਲ ਪਹਿਲਾਂ ਕਾਇਮ 1913 ਦਾ ਰਿਕਾਰਡ ਵੀ ਟੁੱਟ ਚੁੱਕਿਆ ਹੈ ਤੇ ਕੈਨੇਡੀਅਨ ਇਤਿਹਾਸ ਵਿੱਚ ਐਨੇ ਇਮੀਗ੍ਰੈਂਟਸ ਇੱਕ ਸਾਲ ਵਿੱਚ ਪਹਿਲਾਂ ਕਦੇ ਨਹੀਂ ਆਏ।
ਮਹਾਂਮਾਰੀ ਦਰਮਿਆਨ ਖੜ੍ਹੀਆਂ ਹੋਈਆਂ ਕਈ ਚੁਣੌਤੀਆਂ ਦੇ ਬਾਵਜੂਦ ਇਹ ਪ੍ਰਾਪਤੀ ਕਾਫੀ ਵੱਡੀ ਹੈ। ਮਹਾਂਮਾਰੀ ਦੌਰਾਨ ਸਰਹੱਦਾਂ ਬੰਦ ਕਰਨ ਤੋਂ ਲੈ ਕੇ ਘਰੇਲੂ ਪੱਧਰ ਉੱਤੇ ਲਾਕਡਾਊਨ ਲਾਏ ਗਏ ਤੇ ਕੋਵਿਡ-19 ਕਾਰਨ ਗਲੋਬਲ ਮਾਈਗ੍ਰੇਸ਼ਨ ਵੀ ਪ੍ਰਭਾਵਿਤ ਹੋਈ। ਪਰ ਇਮੀਗ੍ਰੇਸ਼ਨ ਕਰਮਚਾਰੀਆਂ ਤੇ ਰਫਿਊਜ਼ੀਜ਼ ਐਂਡ ਸਿਟੀਜਨਸ਼ਿਪ ਕੈਨੇਡਾ (ਆਈ ਆਰ ਸੀ ਸੀ) ਨੇ 2021 ਵਿੱਚ ਰਿਕਾਰਡ ਅੱਧਾ ਮਿਲੀਅਨ ਅਰਜ਼ੀਆਂ ਨੂੰ ਪ੍ਰੋਸੈੱਸ ਕੀਤਾ। ਇਸ ਟੀਚੇ ਨੂੰ ਹਾਸਲ ਕਰਨ ਲਈ ਆਈ ਆਰ ਸੀ ਸੀ ਨੇ ਸਰੋਤ ਜੁਟਾਏ, ਨਵੀਂ ਤਕਨਾਲੋਜੀ ਦਾ ਸਹਾਰਾ ਲਿਆ ਤੇ ਬਹੁਤੀ ਪ੍ਰਕਿਰਿਆ ਆਨਲਾਈਨ ਚਲਾਈ ਗਈ। ਇਹ ਸਾਰੀਆਂ ਤਬਦੀਲੀਆਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਸਥਾਈ ਸੁਧਾਰਾਂ ਦਾ ਹਿੱਸਾ ਹਨ।
ਫਰੇਜਰ ਨੇ ਆਖਿਆ ਕਿ ਮਹਾਂਮਾਰੀ ਨਾਲ ਸੰਘਰਸ਼ ਕਰਦਿਆਂ ਅਸੀਂ ਬਹੁਤਾ ਟੇਲੈਂਟ ਕੈਨੇਡਾ ਸੱਦ ਚੁੱਕੇ ਹਾਂ। ਇਨ੍ਹਾਂ ਨਵੇਂ ਪਰਮਾਨੈਂਟ ਰੈਜੀਡੈਂਟਸ ਵਿੱਚੋਂ ਬਹੁਤਿਆਂ ਦਾ ਸਟੇਟਸ ਅਜੇ ਟੈਂਪਰੇਰੀ ਹੈ। ਅਸੀਂ ਅਸੈਂਸੀਅਲ ਵਰਕਰਜ਼, ਹੈਲਥ ਕੇਅਰ ਪ੍ਰੋਫੈਸਨਲਜ਼, ਇੰਟਰਨੈਸ਼ਨਲ ਗ੍ਰੈਜੂਏਟਸ ਤੇ ਫਰੈਂਚ ਬੋਲਣ ਵਾਲੇ ਨਿਊਕਮਰਜ਼ ਲਈ ਨਵੇਂ ਪ੍ਰੋਗਰਾਮ ਲਾਂਚ ਕੀਤੇ। ਪਰਿਵਾਰਾਂ ਨੂੰ ਮੁੜ ਮਿਲਾਉਣਾ ਸਾਡੇ ਸਿਸਟਮ ਦਾ ਇੱਕ ਹੋਰ ਥੰਮ੍ਹ ਹੈ। ਇਸ ਤੋਂ ਇਲਾਵਾ ਜਦੋਂ ਦੁਨੀਆ ਰਫਿਊਜ਼ੀਆਂ ਲਈ ਆਪਣੇ ਦਰ ਬੰਦ ਕਰ ਰਹੀ ਹੈ ਤਾਂ ਅਸੀਂ ਅਜਿਹੇ ਵਿੱਚ ਆਪਣੇ ਦਰਵਾਜੇ ਉਨ੍ਹਾਂ ਲਈ ਖੋਲ੍ਹ ਰਹੇ ਹਾਂ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …