ਟੋਰਾਂਟੋ/ਸਤਪਾਲ ਸਿੰਘ ਜੌਹਲ
ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਛੁੱਟੀਆਂ ਦੇ ਦਿਨਾਂ ਵਿਚ ਅਮਰੀਕਾ ਅਤੇ ਕੈਨੇਡਾ ਵਿਚ ਪ੍ਰੰਪਰਾਗਤ ਤੌਰ ‘ਤੇ ਲੋਕ ਬਹੁਤ ਵੱਡੀ ਗਿਣਤੀ ‘ਚ ਹਵਾਈ ਸਫਰ ਕਰਦੇ ਹਨ ਪਰ ਬੀਤੇ ਦਿਨਾਂ ਤੋਂ ਕਰੋਨਾ ਦੇ ਵਧੇ ਕੇਸਾਂ ਕਾਰਨ ਹਵਾਈ ਕੰਪਨੀਆਂ ਨੂੰ ਜਹਾਜ਼ ਚਲਾਉਣ ਵਾਸਤੇ ਲੋੜੀਂਦਾ ਸਟਾਫ ਨਹੀਂ ਮਿਲ ਰਿਹਾ, ਜਿਸ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਹੀ ਨਹੀਂ ਸਗੋਂ ਦੁਨੀਆਂ ਦੇ ਹੋਰ ਹਿੱਸਿਆਂ ਦੀ ਹਵਾਈ ਆਵਾਜਾਈ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ। ਜਰਮਨੀ ਤੋਂ ਲੁਫਥਾਂਸਾ ਅਤੇ ਬਰਤਾਨੀਆ ਵਿਚ ਬ੍ਰਿਟਿਸ਼ ਏਅਰਵੇਜ਼ ਦੀਆਂ ਕੁਝ ਉਡਾਨਾਂ ਰੱਦ ਹੋਣ ਨਾਲ ਭਾਰਤ ਤੋਂ ਅਮਰੀਕਾ ਅਤੇ ਕੈਨੇਡਾ ਪਹੁੰਚਣ ਵਾਲੇ ਮੁਸਾਫਿਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ‘ਚ ਉਡਾਨਾਂ ਰੱਦ ਹੋਣ ਦਾ ਅਸਰ ਕੈਨੇਡਾ ਦੇ ਅੰਤਰਾਰਾਸ਼ਟਰੀ ਹਵਾਈ ਅੱਡਿਆਂ ਉਪਰ ਵੀ ਪਿਆ, ਜਿੱਥੋਂ ਪਿਛਲੇ ਦਿਨੀਂ ਮੁਸਾਫਰਾਂ ਨੂੰ ਨਿਰਾਸ਼ ਪਰਤਣਾ ਪਿਆ। ਸਿੱਟੇ ਵਜੋਂ ਏਅਰ ਕੈਨੇਡਾ ਦੀਆਂ ਅਮਰੀਕਾ ਜਾਣ ਵਾਲੀਆਂ ਕਈ ਉਡਾਨਾਂ ਵੀ ਰੱਦ ਕੀਤੀਆਂ ਗਈਆਂ। ਉਡਾਨਾਂ ਰੱਦ ਹੋਣ ਬਾਰੇ ਸਮੇਂ ਸਿਰ ਜਾਣਕਾਰੀ ਨਾ ਹੋਣ ਕਰਕੇ ਬਹੁਤ ਸਾਰੇ ਮੁਸਾਫਿਰ ਹਵਾਈ ਅੱਡਿਆਂ ਅੰਦਰ ਹੀ ਫਸ ਕੇ ਰਹਿ ਗਏ। ਏਅਰ ਕੈਨੇਡਾ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਹਰੇਕ ਮੁਸਾਫਿਰ ਨੂੰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਆਪਣੀ ਉਡਾਨ ਜਾਣ ਦਾ ਸਮਾਂ ਪਤਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਅਚਾਨਕ ਜਹਾਜ਼ ਰੱਦ ਹੋਣ ਕਾਰਨ ਪ੍ਰੇਸ਼ਾਨੀ ਨਾ ਹੋਵੇ।