Breaking News
Home / ਭਾਰਤ / ਗੁਲਾਮ ਨਬੀ ਆਜ਼ਾਦ ਨੇ ਬਣਾਈ ਨਵੀਂ ਸਿਆਸੀ ਪਾਰਟੀ

ਗੁਲਾਮ ਨਬੀ ਆਜ਼ਾਦ ਨੇ ਬਣਾਈ ਨਵੀਂ ਸਿਆਸੀ ਪਾਰਟੀ

ਪਾਰਟੀ ਦਾ ਨਾਂ ‘ਡੈਮੋਕਰੈਟਿਕ ਆਜ਼ਾਦ ਪਾਰਟੀ’ ਰੱਖਿਆ
ਜੰਮੂ/ਬਿਊਰੋ ਨਿਊਜ਼ : ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਆਪਣੇ ਨਵੇਂ ਸਿਆਸੀ ਸੰਗਠਨ ‘ਡੈਮੋਕਰੈਟਿਕ ਆਜ਼ਾਦ ਪਾਰਟੀ’ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਜੰਮੂ ਕਸ਼ਮੀਰ ਵਿੱਚ ਧਾਰਾ 370 ਦੀ ਬਹਾਲੀ ਨੂੰ ਚੋਣ ਮੁੱਦਾ ਨਹੀਂ ਬਣਾਉਣਗੇ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ-ਨਿਰਪੱਖ ਤੇ ਜਮਹੂਰੀ ਰਹੇਗੀ ਅਤੇ ਕਿਸੇ ਵੀ ਪ੍ਰਭਾਵ ਤੋਂ ਆਜ਼ਾਦ ਹੋਵੇਗੀ। ਆਜ਼ਾਦ ਨੇ ਕਿਹਾ ਕਿ ਸੜਕਾਂ, ਪਾਣੀ ਦੀ ਸਪਲਾਈ ਤੇ ਮਹਿੰਗਾਈ ਜਿਹੇ ਮੁੱਦੇ ਚੋਣਾਂ ਲਈ ਹੁੰਦੇ ਹਨ। ਆਜ਼ਾਦ ਨੇ ਇਸ ਮੌਕੇ ਪਾਰਟੀ ਦਾ ਝੰਡਾ ਵੀ ਲਾਂਚ ਕੀਤਾ ਜਿਸ ਵਿੱਚ ਪੀਲਾ, ਸਫੈਦ ਅਤੇ ਨੀਲਾ ਤਿੰਨ ਰੰਗ ਹਨ। ਆਜ਼ਾਦ ਨੇ ਕਸ਼ਮੀਰ ‘ਤੇ ਕੇਂਦਰਿਤ ਪਾਰਟੀਆਂ, ਖਾਸ ਕਰਕੇ ਪੀਡੀਪੀ ਜਿਸ ਨੇ ਧਾਰਾ 370 ਬਾਰੇ ਉਨ੍ਹਾਂ ਦੇ ਬਿਆਨ ਦੀ ਨੁਕਤਾਚੀਨੀ ਕੀਤੀ ਸੀ, ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ”ਤੁਸੀਂ ਜਾ ਕੇ ਸੰਸਦੀ ਰਿਕਾਰਡ ਚੈੱਕ ਕਰੋ ਕਿ ਧਾਰਾ 370 ਬਾਰੇ ਕੌਣ ਬੋਲਿਆ ਹੈ, ਕੌਣ ਨਹੀਂ। ਕਿਸੇ ਦੇ ਨਾਂ ‘ਤੇ ਸੰਸਦ ਦਾ ਰਿਕਾਰਡ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਮੁੱਦਿਆਂ ਨੂੰ ਚੋਣਾਂ ਲਈ ਨਹੀਂ ਵਰਤਦਾ।” ਮੀਡੀਆ ਦੇ ਰੂਬਰੂ ਹੁੰਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ, ”ਮੈਂ ਅੱਜ ਤੋਂ ਡੈਮਕੋਰੈਟਿਕ ਆਜ਼ਾਦ ਪਾਰਟੀ (ਡੀਏਪੀ) ਦਾ ਆਗਾਜ਼ ਕਰ ਰਿਹਾ ਹਾਂ। ਇਹ ਜਮਹੂਰੀਅਤ ਅਤੇ ਬੋਲਣ ਤੇ ਸੋਚਣ ਦੀ ਆਜ਼ਾਦੀ ਦਾ ਪ੍ਰਤੀਕ ਹੋਵੇਗੀ। ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੇ ਆਦਰਸ਼ਾਂ ‘ਤੇ ਆਧਾਰਿਤ ਹੋਵੇਗੀ।” ਉਨ੍ਹਾਂ ਕਿਹਾ ਕਿ ਡੀਏਪੀ ਦਾ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ‘ਕੋਈ ਮੁਕਾਬਲਾ’ ਨਹੀਂ ਹੋਵੇਗਾ ਤੇ ਇਸ ਦਾ ਇਕੋ-ਇਕ ਮਕਸਦ ਜੰਮੂ ਕਸ਼ਮੀਰ ਵਿੱਚ ਅਮਨ ਤੇ ਸ਼ਾਂਤੀ ਨੂੰ ਮਜ਼ਬੂਤ ਕਰਨਾ ਤੇ ਹਾਲਾਤ ਆਮ ਵਾਂਗ ਕਰਨਾ ਹੋਵੇਗਾ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਕਿਹਾ ਕਿ ਧਾਰਾ 370 ਦੀ ਬਹਾਲੀ ਸੰਭਵ ਨਹੀਂ ਸੀ। ਉਨ੍ਹਾਂ ਕਿਹਾ, ”ਮੈਂ ਸਿਰਫ਼ ਇਹੀ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਨਾਉਣ ਵਿੱਚ ਨਾਕਾਮ ਰਿਹਾ। ਜੇਕਰ ਕੋਈ ਮੋਦੀ ਜੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਨਾ ਲਵੇ ਤਾਂ ਉਹ ਕਰ ਦੇਣਗੇ। ਇਹ ਸਵਾਗਤਯੋਗ ਕਦਮ ਹੋਵੇਗਾ। ਮੇਰਾ ਮੋਦੀ ਜੀ ‘ਤੇ ਇੰਨਾ ਪ੍ਰਭਾਵ ਨਹੀਂ ਹੈ।” ਉਨ੍ਹਾਂ ਕਿਹਾ ਕਿ ਸੰਸਦ ਹੀ ਧਾਰਾ 370 ਨੂੰ ਬਹਾਲ ਕਰ ਸਕਦੀ ਹੈ, ਪਰ ਇਸ ਲਈ ‘ਸਾਨੂੰ ਬਹੁਮਤ ਦੀ ਲੋੜ ਹੈ।’ ਆਜ਼ਾਦ ਨੇ ਕਿਹਾ ਕਿ ਸੁਪਰੀਮ ਕੋਰਟ 10 ਅਕਤੂਬਰ ਨੂੰ ਧਾਰਾ 370 ਬਾਰੇ ਪਟੀਸ਼ਨਾਂ ਦੀ ਸੁਣਵਾਈ ਕਰੇਗੀ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।

 

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …