20 ਫਰਵਰੀ ਤੋਂ ਖਾਤੇ ‘ਚੋਂ ਕਢਵਾਏ ਜਾ ਸਕਣੇ 50 ਹਜ਼ਾਰ ਰੁਪਏ
ਮੁੰਬਈ/ਬਿਊਰੋ ਨਿਊਜ਼ :ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੱਚਤ ਬੈਂਕ ਖ਼ਾਤਿਆਂ ਵਿਚੋਂ ਨਗਦ ਨਿਕਾਸੀ ਦੀ ਹੱਦ ਮੌਜੂਦਾ ਹਫ਼ਤਾਵਾਰੀ 24 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਹੈ। ਖ਼ਾਤਾਧਾਰਕ ਇਹ ਸਹੂਲਤ 20 ਫਰਵਰੀ ਤੋਂ ਲੈ ਸਕਣਗੇ। ਆਰਬੀਆਈ ਨੇ ਇਹ ਵੀ ਐਲਾਨ ਕੀਤਾ ਹੈ ਕਿ 13 ਮਾਰਚ ਤੋਂ ਲੋਕ ਆਪਣੇ ਖ਼ਾਤਿਆਂ ਵਿਚੋਂ ਜਿੰਨੀ ਮਰਜ਼ੀ ਰਕਮ ਕਢਵਾ ਸਕਣਗੇ।
ਆਰਬੀਆਈ ਦੇ ਉਪ ਗਵਰਨਰ ਆਰ ਗਾਂਧੀ ਨੇ ਦੱਸਿਆ ਕਿ ਨਕਦੀ ਦੇ ਮੁੜ ਚਲਣ ਵਿਚ ਆਉਣ ਕਰਕੇ ਹੁਣ ਬੱਚਤ ਬੈਂਕ ਖ਼ਾਤਿਆਂ ਵਿਚੋਂ ਨਗਦੀ ਕਢਾਉਣ ਦੀ ਹੱਦ ਨੂੰ ਦੋ ਪੜਾਵਾਂ ਵਿਚ ਖ਼ਤਮ ਕੀਤਾ ਜਾ ਰਿਹਾ ਹੈ। 500 ਅਤੇ 2000 ਰੁਪਏ ਦੇ ਨਵੇਂ ਜਾਅਲੀ ਨੋਟ ਸਾਹਮਣੇ ਆਉਣ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਗਾਂਧੀ ਨੇ ਕਿਹਾ ਕਿ ਇਹ ਕਰੰਸੀ ਦੀਆਂ ਫੋਟੋ ਕਾਪੀਆਂ ਹਨ ਅਤੇ ਇਨ੍ਹਾਂ ਨੂੰ ਆਮ ਬੰਦਾ ਆਸਾਨੀ ਨਾਲ ਪਛਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨੋਟਾਂ ਨੂੰ ਕਾਪੀ ਕਰਨਾ ਸੁਖਾਲਾ ਨਹੀਂ ਕਿਉਂਕਿ ਇਸ ਦੀ ਸੁਰੱਖਿਆ ਅਤੇ ਡਿਜ਼ਾਈਨ ਵਿਚ ਕਈ ਬਦਲਾਅ ਕੀਤੇ ਗਏ ਹਨ। ਛੇਵੀਂ ਮੁਦਰਾ ਨੀਤੀ ਸਮੀਖਿਆ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਗਾਂਧੀ ਦੇ ਨਾਲ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਵੀ ਹਾਜ਼ਰ ਸਨ।
ਭਾਰਤੀ ਰਿਜ਼ਰਵ ਬੈਂਕ ਨੇ ਪਹਿਲਾਂ ਚਾਲੂ ਖ਼ਾਤਿਆਂ, ਕੈਸ਼ ਕਰੈਡਿਟ ਖ਼ਾਤਿਆਂ ਅਤੇ ਏਟੀਐਮਜ਼ ਰਾਹੀਂ ਨਗਦੀ ਨਿਕਾਸੀ ਤੋਂ ਪਹਿਲੀ ਫਰਵਰੀ ਤੋਂ ਛੋਟ ਦਿੱਤੀ ਸੀ। ਉਂਜ ਬੱਚਤ ਖ਼ਾਤਿਆਂ ‘ਤੇ ਹਫ਼ਤੇ ਦੀ ਨਗਦੀ ਨਿਕਾਸੀ ਹੱਦ 24 ਹਜ਼ਾਰ ਰੁਪਏ ਰੱਖੀ ਹੋਈ ਹੈ। ਸਰਕਾਰ ਅਤੇ ਆਰਬੀਆਈ ਨੇ ਨੋਟਬੰਦੀ ਤੋਂ ਬਾਅਦ ਕਰੰਸੀ ਦੀ ਕਮੀ ਕਾਰਨ ਏਟੀਐਮਜ਼ ઠਅਤੇ ਬੈਂਕਾਂ ਵਿਚੋਂ ਨਗਦੀ ਕਢਵਾਉਣ ਦੀ ਹੱਦ ਤੈਅ ਕਰ ਦਿੱਤੀ ਸੀ। ਇਸ ਹੱਦ ਨੂੰ ਸਮੇਂ-ਸਮੇਂ ਬਾਅਦ ਸੁਖਾਲਾ ਕਰ ਦਿੱਤਾ ਗਿਆ ਸੀ। ਆਰਬੀਆਈ ਵੱਲੋਂ 500 ਅਤੇ 2000 ਰੁਪਏ ਦੇ ਨਵੇਂ ਨੋਟ ਚਲਾਉਣ ਮਗਰੋਂ ਨਗਦੀ ਨਿਕਾਸੀ ਦੀ ਹੱਦ ਵਧਾਈ ਗਈ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …