Breaking News
Home / ਭਾਰਤ / 2014 ਤੋਂ 2019 ਦੌਰਾਨ ਭਾਰਤ ‘ਚ ਦੇਸ਼ਧ੍ਰੋਹ ਦੇ 326 ਕੇਸ ਦਰਜ

2014 ਤੋਂ 2019 ਦੌਰਾਨ ਭਾਰਤ ‘ਚ ਦੇਸ਼ਧ੍ਰੋਹ ਦੇ 326 ਕੇਸ ਦਰਜ

ਸਿਰਫ਼ ਛੇ ਵਿਅਕਤੀ ਦੋਸ਼ੀ ਠਹਿਰਾਏ; ਪੰਜਾਬ ਵਿਚ ਇਕ ਤੇ ਹਰਿਆਣਾ ਵਿਚ 31 ਕੇਸ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਵਿਵਾਦਤ ਬਸਤੀਵਾਦੀ ਯੁੱਗ ਦੇ ਸਜ਼ਾ ਦੇਣ ਵਾਲੇ ਕਾਨੂੰਨ ਤਹਿਤ ਸਾਲ 2014 ਤੋਂ 2019 ਵਿਚਾਲੇ ਦੇਸ਼ਧ੍ਰੋਹ ਦੇ ਕੁੱਲ 326 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸਿਰਫ਼ ਛੇ ਵਿਅਕਤੀਆਂ ਨੂੰ ਸਜ਼ਾ ਹੋਈ।
ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਮਹਿਸੂਸ ਕੀਤਾ ਸੀ ਕਿ ਆਈਪੀਸੀ ਦੀ ਧਾਰਾ 124 (ਏ) ਜੋ ਕਿ ਦੇਸ਼ਧ੍ਰੋਹ ਦਾ ਜੁਰਮ ਬਣਦਾ ਹੈ, ਦਾ ਵੱਡੀ ਪੱਧਰ ‘ਤੇ ਗ਼ਲਤ ਇਸਤੇਮਾਲ ਹੋ ਰਿਹਾ ਹੈ। ਸਿਖ਼ਰਲੀ ਅਦਾਲਤ ਨੇ ਭਾਰਤ ਸਕਰਾਰ ਨੂੰ ਕਿਹਾ ਸੀ ਕਿ ਆਜ਼ਾਦੀ ਅੰਦੋਲਨ ਨੂੰ ਕੁਚਲਣ ਲਈ ਮਹਾਤਮਾ ਗਾਂਧੀ ਵਰਗੇ ਲੋਕਾਂ ਨੂੰ ਚੁੱਪ ਕਰਵਾਉਣ ਵਾਸਤੇ ਬਰਤਾਨਵੀ ਸ਼ਾਸਨ ਵੱਲੋਂ ਇਸਤੇਮਾਲ ਕੀਤੇ ਗਏ ਇਸ ਕਾਨੂੰਨ ਨੂੰ ਰੱਦ ਕਿਉਂ ਨਹੀਂ ਕੀਤਾ ਜਾ ਰਿਹਾ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2014 ਤੋਂ 2019 ਵਿਚਾਲੇ ਦੇਸ਼ ਵਿਚ ਦੇਸ਼ਧ੍ਰੋਹ ਕਾਨੂੰਨ ਤਹਿਤ ਕੁੱਲ 326 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 54 ਕੇਸ ਅਸਾਮ ਵਿਚ ਦਰਜ ਹੋਏ ਹਨ। ਇਨ੍ਹਾਂ ਕੁੱਲ ਕੇਸਾਂ ਵਿੱਚੋਂ 141 ਮਾਮਲਿਆਂ ਵਿਚ ਦੋਸ਼ ਪੱਤਰ ਦਾਖ਼ਲ ਹੋਏ ਹਨ ਜਦਕਿ ਛੇ ਸਾਲਾਂ ਦੌਰਾਨ ਇਸ ਜੁਰਮ ਲਈ ਸਜ਼ਾ ਸਿਰਫ਼ ਛੇ ਵਿਅਕਤੀਆਂ ਨੂੰ ਹੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2020 ਦੇ ਅੰਕੜੇ ਅਜੇ ਗ੍ਰਹਿ ਮੰਤਰਾਲੇ ਵੱਲੋਂ ਅਪਡੇਟ ਨਹੀਂ ਕੀਤੇ ਗਏ ਹਨ।
ਅੰਕੜੇ ਦੱਸਦੇ ਹਨ ਕਿ ਅਸਾਮ ਵਿਚ ਦਰਜ ਹੋਏ ਦੇਸ਼ਧ੍ਰੋਹ ਦੇ 54 ਕੇਸਾਂ ਵਿੱਚੋਂ 26 ਮਾਮਲਿਆਂ ‘ਚ ਦੋਸ਼ ਪੱਤਰ ਦਾਖ਼ਲ ਹੋਏ ਹਨ ਅਤੇ 25 ਕੇਸਾਂ ਵਿਚ ਟਰਾਇਲ ਪੂਰਾ ਹੋਇਆ ਹੈ। ਹਾਲਾਂਕਿ, ਸਾਲ 2014 ਤੋਂ 2019 ਵਿਚਾਲੇ ਸੂਬੇ ਵਿਚ ਇਕ ਵੀ ਮਾਮਲੇ ਵਿਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਇਨ੍ਹਾਂ ਛੇ ਸਾਲਾਂ ਦੌਰਾਨ ਪੰਜਾਬ (2015 ‘ਚ), ਮਹਾਰਾਸ਼ਟਰ (2015) ਤੇ ਉੱਤਰਾਖੰਡ (2017) ਵਿਚ ਦੇਸ਼ਧ੍ਰੋਹ ਦਾ ਇਕ-ਇਕ ਕੇਸ ਦਰਜ ਹੋਇਆ ਜਦਕਿ ਹਰਿਆਣਾ ਵਿਚ ਦੇਸ਼ਧ੍ਰੋਹ ਕਾਨੂੰਨ ਤਹਿਤ 31 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 19 ਮਾਮਲਿਆਂ ‘ਚ ਦੋਸ਼ ਪੱਤਰ ਦਾਖ਼ਲ ਹੋਏ ਅਤੇ ਛੇ ਕੇਸਾਂ ਵਿਚ ਅਦਾਲਤੀ ਕਾਰਵਾਈ ਪੂਰੀ ਹੋਈ ਜਿਨ੍ਹਾਂ ‘ਚ ਸਿਰਫ਼ ਇਕ ਵਿਅਕਤੀ ਨੂੰ ਹੀ ਦੋਸ਼ੀ ਠਹਿਰਾਇਆ ਗਿਆ।
ਇਸੇ ਤਰ੍ਹਾਂ ਝਾਰਖੰਡ ਵਿਚ ਇਸ ਕਾਨੂੰਨ ਤਹਿਤ ਛੇ ਸਾਲਾਂ ਵਿਚ 40 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 29 ਮਾਮਲਿਆਂ ‘ਚ ਦੋਸ਼ ਪੱਤਰ ਦਾਖ਼ਲ ਕੀਤੇ ਗਏ ਅਤੇ 16 ਮਾਮਲਿਆਂ ‘ਚ ਅਦਾਲਤ ਪ੍ਰਕਿਰਿਆ ਪੂਰੀ ਹੋਈ ਤੇ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ। ਬਿਹਾਰ, ਜੰਮੂ ਕਸ਼ਮੀਰ ਤੇ ਕੇਰਲਾ ਵਿਚ 25-25 ਕੇਸ ਦਰਜ ਕੀਤੇ ਗਏ। ਬਿਹਾਰ ਤੇ ਕੇਰਲਾ ਵਿਚ ਕਿਸੇ ਵੀ ਮਾਮਲੇ ‘ਚ ਦੋਸ਼ ਪੱਤਰ ਦਾਖ਼ਲ ਨਹੀਂ ਕੀਤਾ ਜਾ ਸਕਿਆ ਜਦਕਿ ਜੰਮੂ ਕਸ਼ਮੀਰ ਵਿਚ ਤਿੰਨ ਮਾਮਲਿਆਂ ‘ਚ ਦੋਸ਼ ਪੱਤਰ ਦਾਖ਼ਲ ਕੀਤੇ ਗਏ ਪਰ ਕਿਸੇ ਮਾਮਲੇ ‘ਚ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਕਰਨਾਟਕ ਵਿਚ ਦੇਸ਼ਧ੍ਰੋਹ ਦੇ 22 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 17 ‘ਚ ਦੋਸ਼ ਪੱਤਰ ਦਾਖ਼ਲ ਹੋਏ ਪਰ ਟਰਾਇਲ ਇਕ ਹੀ ਮਾਮਲੇ ‘ਚ ਪੂਰਾ ਹੋਇਆ। ਹਾਲਾਂਕਿ ਇਸ ਵਕਫ਼ੇ ਦੌਰਾਨ ਕਿਸੇ ਮਾਮਲੇ ‘ਚ ਕਿਸੇ ਇਕ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …