![](https://parvasinewspaper.com/wp-content/uploads/2020/07/2016_6image_18_12_261100000kkkkkk-ll-300x300.jpg)
ਦੇਸ਼ ਦੇ ਅਰਥਚਾਰੇ ਅਤੇ ਕਰੋਨਾ ਸੰਕਟ ਸਬੰਧੀ ਹੋਈ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪਾਰਟੀ ਦੇ ਰਾਜ ਸਭਾ ਮੈਂਬਰਾਂ ਨਾਲ ਵੀਡੀਓ ਕਾਨਫਰੰਸ ਕੀਤੀ। ਸੋਨੀਆ ਨੇ ਇਹ ਵੀਡੀਓ ਮੀਟਿੰਗ ਦੇਸ਼ ਦੀ ਮੌਜੂਦਾ ਵਿੱਤੀ ਸਥਿਤੀ ਅਤੇ ਕੁਝ ਹੋਰ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਕੀਤੀ। ਜਾਣਕਾਰੀ ਅਨੁਸਾਰ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਬੈਠਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਅਹਿਮਦ ਪਟੇਲ, ਦਿੱਗਵਿਜੇ ਸਿੰਘ, ਜੈਰਾਮ ਰਮੇਸ਼ ਅਤੇ ਕਈ ਹੋਰ ਮੈਂਬਰ ਸ਼ਾਮਲ ਹੋਏ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਮੁੱਖ ਤੌਰ ‘ਤੇ ਕਰੋਨਾ ਮਹਾਮਾਰੀ ਨਾਲ ਸਬੰਧਤ ਸਥਿਤੀ, ਰਾਜਸਥਾਨ ਦੇ ਰਾਜਨੀਤਿਕ ਸੰਕਟ, ਲੱਦਾਖ ਵਿੱਚ ਚੀਨ ਨਾਲ ਤਣਾਅ ਅਤੇ ਅਰਥਚਾਰੇ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਹੋਇਆ ਹੈ। ਧਿਆਨ ਰਹੇ ਕਿ ਰਾਜ ਸਭਾ ਵਿੱਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 40 ਹੈ, ਜਦੋਂ ਕਿ ਲੋਕ ਸਭਾ ਵਿੱਚ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ 52 ਹੈ।