ਸਦਨ ਦੀ ਕਾਰਵਾਈ ਦਾਕੀਤਾ ਵਾਕਆਊਟ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੀ ਮੰਗ ਕਰਦਿਆਂ ਭਾਰੀ ਸ਼ੋਰ-ਸ਼ਰਾਬਾ ਕੀਤਾ ਅਤੇ ਸਪੀਕਰ ਦੀ ਚੋਣ ਦੌਰਾਨ ਸਦਨ ਦੀ ਕਾਰਵਾਈ ਦਾ ਬਾਈਕਾਟ ਵੀ ਕੀਤਾ। ‘ਆਪ’ ਵਿਧਾਇਕਾਂ ਦੇ ਸ਼ੋਰ-ਸ਼ਰਾਬੇ ਦੌਰਾਨ ਹੀ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਕੇ.ਪੀ. ਸਿੰਘ ਨੂੰ ਸਪੀਕਰ ਚੁਣੇ ਜਾਣ ਦਾ ਮਤਾ ਰੱਖਿਆ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਤਾਈਦ ਕੀਤੀ। ਨਾਅਰੇਬਾਜ਼ੀ ਦੌਰਾਨ ਹੀ ਰਾਣਾ ਕੇ.ਪੀ.ਸਿੰਘ ਨੇ ਸਪੀਕਰ ਦੀ ਚੋਣ ‘ਸਰਬਸੰਮਤੀ’ ਨਾਲ ਹੋਣ ਦਾ ਐਲਾਨ ਕਰ ਦਿੱਤਾ।ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਨਿਯਮਾਂ ਤੇ ਕਾਨੂੰਨ ਦਾ ਹਵਾਲਾ ਦਿੰਦਿਆਂ ਰਾਜਪਾਲ ਵੱਲੋਂ ਸਦਨ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਤੋਂ ਬਾਅਦ ਇਸ ਉਤੇ ਬਹਿਸ ਦੀ ਮੰਗ ਕੀਤੀ। ਉਨ੍ਹਾਂ ਹਾਕਮ ਧਿਰ ‘ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੇ ਦੋਸ਼ ਲਾਏ। ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਸ਼ਿਆਂ ਦੀ ਸਮਗਲਿੰਗ, ਭ੍ਰਿਸ਼ਟਾਚਾਰ ਅਤੇ ਮੁੱਖ ਮੰਤਰੀ ਵੱਲੋਂ ਕੀਤੀਆਂ ਸਿਆਸੀ ਨਿਯੁਕਤੀਆਂ ਸਮੇਤ ਕਈ ਮੁੱਦਿਆਂ ਬਾਰੇ ਸਦਨ ਵਿੱਚ ਬਹਿਸ ਹੋਣੀ ਲਾਜ਼ਮੀ ਹੈ। ਸਪੀਕਰ ਨੇ ਜਦੋਂ ਉਨ੍ਹਾਂ ਦੀ ਮੰਗ ਰੱਦ ਕਰਦਿਆਂ ਸਦਨ ਦੀ ਕਾਰਵਾਈ ਚਲਾਉਣ ਦਾ ਐਲਾਨ ਕੀਤਾ ਤਾਂ ‘ਆਪ’ ਵਿਧਾਇਕ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ। ਅਕਾਲੀ ਦਲ ਦੇ ਮੈਂਬਰ ਚੁੱਪ-ਚਾਪ ਬੈਠੇ ਰਹੇ। ਉਨ੍ਹਾਂ ‘ਆਪ’ ਦੀ ਹਮਾਇਤ ਨਹੀਂ ਕੀਤੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਬਹਿਸ ਤੋਂ ਨਹੀਂ ਭੱਜਦੀ, ਪਰ ਜਦੋਂ ਅਜੇ ਸਰਕਾਰ ਨੇ ਕੋਈ ਕੰਮ ਹੀ ਸ਼ੁਰੂ ਨਹੀਂ ਕੀਤਾ ਤਾਂ ਬਹਿਸ ਕਿਸ ਮੁੱਦੇ ‘ਤੇ ਹੋਵੇਗੀ।
ਵਿਧਾਨ ਸਭਾ ‘ਚ ਬੈਂਸ ਭਰਾਵਾਂ ਨੂੰ ‘ਆਪ’ ਆਗੂਆਂ ਨਾਲ ਸੀਟ ਨਾ ਦੇਣ ‘ਤੇ ਵਿਰੋਧੀ ਨੇ ਕੀਤਾ ਪ੍ਰਦਰਸ਼ਨ
ਫੂਲਕਾ ਨੇ ਕਿਹਾ, ਸਰਕਾਰ ਵਿਰੋਧੀ ਧਿਰਨੂੰ ਕਮਜ਼ੋਰ ਕਰਨਾ ਚਾਹੁੰਦੀ
ਚੰਡੀਗੜ੍ਹ : ਵਿਧਾਨ ਸਭਾ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬੈਂਸ ਭਰਾਵਾਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਸੀਟ ਨਾ ਦੇਣ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਇਜਲਾਸ ਦੇ ਆਖਰੀ ਦਿਨ ਸਦਨ ਵਿਚ ਪ੍ਰਦਰਸ਼ਨ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਐੱਚ. ਐੱਸ. ਫੂਲਕਾ ਨੇ ਸਰਕਾਰ ‘ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਸ ਕਰਕੇ ਬੈਂਸ ਭਰਾਵਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ઠਵਿਰੋਧੀ ਧਿਰ ਨੇ ਸੀਟਾਂ ਦਾ ਮਸਲਾ ਸੁਲਝਾਉਣ ਲਈ ਆਲ ਪਾਰਟੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ। ਇਸ ਦੌਰਾਨ ‘ਆਪ’ ਆਗੂ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਸਪੀਕਰ ਕੇ.ਪੀ. ਰਾਣਾ ‘ਤੇ ਗੈਰ ਸੰਵਿਧਾਨਕ ਰਵੱਈਆ ਅਪਨਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਦਨ ‘ਚ ਸੀਟਾਂ ਨੂੰ ਲੈ ਕੇ ਉਨ੍ਹਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਮੁੱਦੇ ‘ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ।
ਕੇਂਦਰ ਨੇ ਬਲਵੰਤ ਗਾਰਗੀ ਦੀ ਯਾਦਗਾਰੀ ਟਿਕਟ ਜਾਰੀ ਕਰਨ ਨੂੰ ਦਿੱਤੀ ਪ੍ਰਵਾਨਗੀ
ਬਠਿੰਡਾ : ਕੇਂਦਰ ਸਰਕਾਰ ਨੇ ਬਲਵੰਤ ਗਾਰਗੀ ਦੀ ਯਾਦਗਾਰੀ ਟਿਕਟ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਬਲਵੰਤ ਗਾਰਗੀ ਦੀ ਯਾਦਗਾਰੀ ਟਿਕਟ ਜਾਰੀ ਕਰਨ ਲਈ ਤਜਵੀਜ਼ ਭੇਜੀ ਸੀ। ਉਧਰ ਕੇਂਦਰ ਨੇ ਸਿੱਖ ਮਿਸਲ ਦੇ ਕਮਾਂਡਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ‘ਤੇ ਯਾਦਗਾਰੀ ਟਿਕਟ ਜਾਰੀ ਕਰਨ ਤੋਂ ਫ਼ਿਲਹਾਲ ਨਾਂਹ ਕਰ ਦਿੱਤੀ ਹੈ। ਬਲਵੰਤ ਗਾਰਗੀ, ਜਿਨ੍ਹਾਂ ਦੀ ਸੌ ਸਾਲਾ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ, ਦਾ ਜਨਮ 4 ਦਸੰਬਰ 1916 ਨੂੰ ਬਠਿੰਡਾ ਵਿੱਚ ਹੋਇਆ ਸੀ। ਉਨ੍ਹਾਂ ਸਰਕਾਰੀ ਕਾਲਜ ਲਾਹੌਰ ਤੋਂ ਵਿਦਿਆ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਦੇ ਫਾਊਂਡਰ ਡਾਇਰੈਕਟਰ ਰਹੇ। ਨਾਟਿਯਮ ਦੇ ਚੇਅਰਮੈਨ ਕੀਰਤੀ ਕਿਰਪਾਲ ਨੇ ਬਲਵੰਤ ਗਾਰਗੀ ਦੇ ਨਾਮ ‘ਤੇ ਯਾਦਗਾਰੀ ਟਿਕਟ ਜਾਰੀ ਕੀਤੇ ਜਾਣ ਨੂੰ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਦੱਸਿਆ ਹੈ। ਕੇਂਦਰ ਸਰਕਾਰ ਨੇ ਲੰਘੀ 5 ਜਨਵਰੀ ਨੂੰ 350 ਸਾਲਾ ਪ੍ਰਕਾਸ਼ ਉਤਸਵ ਮੌਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ‘ਤੇ ਯਾਦਗਾਰੀ ਟਿਕਟ ਜਾਰੀ ਕੀਤਾ ਸੀ।