
ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਹੋਏ ਸ਼ਹੀਦ, ਪੰਜ ਜ਼ਖ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮਨੀਪੁਰ ਦੇ ਚੰਦੇਲ ਖੇਤਰ ਵਿਚ ਲੰਘੀ ਰਾਤ ਭਾਰਤ-ਮਿਆਂਮਾਰ ਸਰਹੱਦ ਨੇੜੇ ਹੋਏ ਅੱਤਵਾਦੀ ਹਮਲੇ ਵਿਚ ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਪੰਜ ਜਵਾਨ ਜ਼ਖਮੀ ਵੀ ਹੋ ਗਏ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 15 ਫ਼ੌਜੀ ਚੰਦੇਲ ਖੇਤਰ ਵਿਚ ਗਸ਼ਤ ਤੋਂ ਵਾਪਸ ਆ ਰਹੇ ਸਨ ਅਤੇ ਜ਼ੋਰਦਾਰ ਧਮਾਕਾ ਹੋ ਗਿਆ। ਇਸ ਤੋਂ ਬਾਅਦ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਜ਼ਿਕਰਯੋਗ ਹੈ ਕਿ ਇਹ ਘਟਨਾ ਭਾਰਤ-ਮਿਆਂਮਾਰ ਸਰਹੱਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਵਾਪਰੀ ਜਿੱਥੇ ਫੌਜੀ ਅੰਤਰਰਾਸ਼ਟਰੀ ਸਰਹੱਦ ‘ਤੇ ਤਿੰਨ ਦਿਨਾਂ ਦੀ ਕਾਰਵਾਈ ਤੋਂ ਬਾਅਦ ਵਾਪਸ ਆ ਰਹੇ ਸਨ। ਜ਼ਖ਼ਮੀ ਜਵਾਨਾਂ ਨੂੰ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।