![](https://parvasinewspaper.com/wp-content/uploads/2025/02/Jai-Shankar-1.jpg)
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ’ਚ ਹੋਇਆ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਵਿਚ ਟਰੈਵਲ ਏਜੰਟਾਂ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਇਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਸੂਬੇ ਵਿਚ ਸਿਰਫ 212 ਹੀ ਅਜਿਹੇ ਟਰੈਵਲ ਏਜੰਟ ਹਨ, ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਲਾਇਸੈਂਸ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ 92 ਪ੍ਰਤੀਸ਼ਤ ਟਰੈਵਲ ਏਜੰਟ ਗੈਰਕਾਨੂੰਨੀ ਰੂਪ ਵਿਚ ਕੰਮ ਕਰ ਰਹੇ ਹਨ ਅਤੇ 8 ਪ੍ਰਤੀਸ਼ਤ ਹਨ, ਜਿਹੜੇ ਕਿ ਕੇਂਦਰੀ ਗਾਈਡ ਲਾਈਨ ਦੇ ਅੰਡਰ ਆਉਂਦੇ ਹਨ। ਇਨ੍ਹਾਂ ਵੀ ਦੱਸਿਆ ਗਿਆ ਕਿ 212 ਵਿਚੋਂ ਵੀ ਕਰੀਬ 65 ਲਾਇਸੈਂਸਾਂ ਦੀ ਮਿਆਦ ਰੱਦ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਆਪਣੇ ਪੱਧਰ ’ਤੇ ਰੱਦ ਕਰ ਚੁੱਕੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿਚ ਇਕ ਵੀ ਟਰੈਵਲ ਏਜੰਟ ਰਜਿਸਟਰਡ ਨਹੀਂ ਹੈ, ਪਰ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਗੈਰਕਾਨੂੰਨੀ ਰੂਪ ਵਿਚ ਟਰੈਵਲ ਏਜੰਟਾਂ ਦਾ ਕੰਮ ਚੱਲ ਰਿਹਾ ਹੈ। ਉਧਰ ਦੂਜੇ ਪਾਸੇ ਕੇਂਦਰ ਸਰਕਾਰ ਗੁਜਰਾਤ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਵਿਚ ਸਭ ਤੋਂ ਜ਼ਿਆਦਾ ਫਰਜ਼ੀ ਟਰੈਵਲ ਏਜੰਟ ਕੰਮ ਕਰ ਰਹੇ ਹਨ।