Breaking News
Home / ਭਾਰਤ / ਪੀਐਮ ਮੋਦੀ ਖਿਲਾਫ ਕੇਸ ਕਰੇਗੀ ਰੇਣੂਕਾ ਚੌਧਰੀ

ਪੀਐਮ ਮੋਦੀ ਖਿਲਾਫ ਕੇਸ ਕਰੇਗੀ ਰੇਣੂਕਾ ਚੌਧਰੀ

ਰਾਹੁਲ ਨੂੰ ਹੋਈ ਦੋ ਸਾਲ ਦੀ ਸਜ਼ਾ ਤੋਂ ਬਾਅਦ ਰੇਣੂਕਾ ਦਾ ਫੈਸਲਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਪ੍ਰਧਾਨ ਮੰਤਰੀ ਨਰਿਦਰ ਮੋਦੀ ਖਿਲਾਫ ਵੀ ਮਾਣਹਾਨੀ ਦਾ ਕੇਸ ਦਰਜ ਹੋ ਸਕਦਾ ਹੈ। ਕਾਂਗਰਸੀ ਪਾਰਟੀ ਦੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਸਾਲ 2018 ਵਿਚ ਸਦਨ ’ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰੇਣੂਕਾ ਚੌਧਰੀ ਦੇ ਹਾਸੇ ’ਤੇ ਤਨਜ਼ ਕਸਿਆ ਸੀ ਅਤੇ ਅਸਿੱਧੇ ਤੌਰ ’ਤੇ ਉਸਦੇ ਹਾਸੇ ਦੀ ਤੁਲਨਾ ਰਾਮਾਇਣ ਦੇ ਕਿਰਦਾਰ ਸੁਰਪਨਾਖਾ ਨਾਲ ਕੀਤੀ ਸੀ। ਹੁਣ ਜਦੋਂ ਲੰਘੇ ਕੱਲ੍ਹ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ ਤਾਂ ਰੇਣੂਕਾ ਚੌਧਰੀ ਨੇ ਵੀ ਪ੍ਰਧਾਨ ਮੰਤਰੀ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਗੱਲ ਕਹਿ ਦਿੱਤੀ ਹੈ। ਰੇਣੂਕਾ ਚੌਧਰੀ ਨੇ ਇਹ ਵੀ ਕਿਹਾ ਕਿ ਹੁਣ ਦੇਖਾਂਗੇ ਕਿ ਅਦਾਲਤਾਂ ਕਿੰਨੀ ਤੇਜ਼ੀ ਨਾਲ ਐਕਸ਼ਨ ਲੈਣਗੀਆਂ। ਦੱਸਣਯੋਗ ਹੈ ਕਿ 7 ਫਰਵਰੀ 2018 ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਦੌਰਾਨ ਰੇਣੂਕਾ ਚੌਧਰੀ ਕਿਸੇ ਗੱਲ ’ਤੇ ਉੱਚੀ-ਉੱਚੀ ਹੱਸ ਪਏ ਸਨ। ਇਸ ’ਤੇ ਪ੍ਰਧਾਨ ਮੰਤਰੀ ਨੇ ਉਸ ਸਮੇਂ ਦੇ ਚੇਅਰਮੈਨ ਵੈਂਕਈਆ ਨਾਇਡੂ ਨੂੰ ਕਿਹਾ ਸੀ ਕਿ ਚੇਅਰਮੈਨ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਰੇਣੂਕਾ ਜੀ ਨੂੰ ਕੁਝ ਨਾ ਕਹੋ। ਰਾਮਾਇਣ ਸੀਰੀਅਲ ਤੋਂ ਬਾਅਦ ਅੱਜ ਅਜਿਹਾ ਹਾਸਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ’ਤੇ ਸਦਨ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਹਾਸਿਆਂ ਨਾਲ ਗੂੰਜ ਉੱਠਿਆ ਸੀ।

 

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …