ਸਾਬਕਾ ਮੁੱਖ ਮੰਤਰੀ ਸਮੇਤ 8 ਕਾਂਗਰਸੀ ਵਿਧਾਇਕ ਭਾਰਤੀ ਜਨਤਾ ਪਾਰਟੀ ’ਚ ਹੋਣਗੇ ਸ਼ਾਮਲ
ਪਣਜੀ/ਬਿਊਰੋ ਨਿਊਜ਼ : ਗੋਆ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ 8 ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਇਹ ਸਾਰੇ ਵਿਧਾਇਕ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਨਾਲ ਵਿਧਾਨ ਸਭਾ ਪਹੁੰਚੇ ਅਤੇ ਉਨ੍ਹਾਂ ਸਪੀਕਰ ਰਮੇਸ਼ ਤਾਵੜਕਰ ਨੂੰ ਕਾਂਗਰਸ ਪਾਰਟੀ ਤੋਂ ਅਲੱਗ ਹੋਣ ਦਾ ਪੱਤਰ ਸੌਂਪ ਦਿੱਤਾ। ਗੋਆ ਭਾਜਪਾ ਦੇ ਪ੍ਰਧਾਨ ਸਦਾਨੰਦ ਤਨਵੜੇ ਨੇ ਦੱਸਿਆ ਕਿ ਇਹ ਸਾਰੇ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਣਗੇ। ਕਾਂਗਰਸ ਪਾਰਟੀ ਛੱਡਣ ਵਾਲੇ ਵਿਧਾਇਕਾਂ ਵਿਚ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ, ਮਾਈਕਲ ਲੋਬੋ, ਦੇਲਿਆ ਲੋਬੋ, ਕੇਦਾਰ ਨਾਈਕ, ਰਾਜੇਸ਼ ਫਲਦੇਸਾਈ, ਅਲੈਕਸੋ ਸਕਾਈਰੀਆ, ਸੰਕਲਪ ਅਮੋਲਕਰ ਅਤੇ ਰੋਡਾਲਫੋ ਫਰਨਾਂਡੇਜ਼ ਦੇ ਨਾਮ ਸ਼ਾਮਲ ਹਨ। ਬਾਗੀ ਵਿਧਾਇਕਾਂ ਦੀ ਗਿਣਤੀ 2 ਤਿਹਾਈ ਤੋਂ ਜ਼ਿਆਦਾ ਹੋਣ ਕਰਕੇ ਇਨ੍ਹਾਂ ’ਤੇ ਦਲ ਕਾਨੂੰਨ ਲਾਗੂ ਨਹੀਂ ਹੋਵੇਗਾ। ਧਿਆਨ ਰਹੇ ਕਿ ਲੰਘੀ 10 ਮਾਰਚ 2022 ਨੂੰ ਗੋਆ ਵਿਧਾਨ ਸਭਾ ਦੇ ਚੋਣ ਨਤੀਜੇ ਆਏ ਸਨ ਜਿਨ੍ਹਾਂ ’ਚ ਕਾਂਗਰਸ ਪਾਰਟੀ ਨੂੰ 40 ਸੀਟਾਂ ਵਿਚੋਂ 11 ਸੀਟਾਂ ਮਿਲੀਆਂ ਹਨ ਪ੍ਰੰਤੂ ਹੁਣ ਸੱਤ ਮਹੀਨਿਆਂ ਬਾਅਦ ਕਾਂਗਰਸ ਪਾਰਟੀ ਕੋਲ ਸਿਰਫ਼ 3 ਵਿਧਾਇਕ ਹੀ ਰਹਿ ਗਏ ਹਨ। ਇਸ ਫੁੱਟ ਦਾ ਮੁੱਖ ਕਾਰਨ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਮਾਈਕਲ ਲੋਬੋ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਦੱਸਿਆ ਜਾ ਰਿਹਾ ਹੈ ਜਦਕਿ ਇਸ ਅਹੁਦੇ ਦੇ ਦਾਅਵੇਦਾਰ ਦਿਗੰਬਰ ਕਾਮਤ ਨੂੰ ਦੱਸਿਆ ਜਾ ਰਿਹਾ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …