
ਗ੍ਰਹਿ ਮੰਤਰਾਲੇ ਨੇ ਜ਼ਿਆਦਾ ਇਕੱਠ ਨਾ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼
15 ਅਗਸਤ ਨੂੰ ਆ ਰਹੇ ਭਾਰਤ ਦੇ ਅਜ਼ਾਦੀ ਦਿਵਸ ‘ਤੇ ਵੀ ਕਰੋਨਾ ਦਾ ਪਰਛਾਵਾਂ ਪੈ ਰਿਹਾ ਹੈ ਅਤੇ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਕੇ ਸੂਬਾ ਸਰਕਾਰਾਂ ਨੂੰ ਭੇਜ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਜ਼ਾਦੀ ਦਿਵਸ ਦੇ ਸਮਾਗਮਾਂ ਵਿਚ ਜ਼ਿਆਦਾ ਇਕੱਠ ਨਾ ਕੀਤਾ ਜਾਵੇ ਅਤੇ ਡਾਕਟਰਾਂ, ਹੈਲਥ ਵਰਕਰਾਂ ਅਤੇ ਸਫਾਈ ਕਰਮਚਾਰੀਆਂ ਨੂੰ ਸਨਮਾਨ ਦੇਣ ਲਈ ਸਮਾਰੋਹ ਵਿਚ ਬੁਲਾਇਆ ਜਾਵੇ। ਇਹ ਵੀ ਕਿਹਾ ਗਿਆ ਕਿ ਜਿਹੜੇ ਵਿਅਕਤੀ ਕਰੋਨਾ ਨੂੰ ਹਰਾ ਕੇ ਸਿਹਤਮੰਦ ਹੋਏ ਹਨ, ਉਨ੍ਹਾਂ ਨੂੰ ਵੀ ਸਮਾਰੋਹ ਵਿਚ ਬੁਲਾਇਆ ਜਾ ਸਕਦਾ ਹੈ, ਪਰ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਅਤੇ ਮਾਸਕ ਪਹਿਨਣਾ ਵੀ ਲਾਜ਼ਮੀ ਬਣਾਇਆ ਜਾਵੇ। ਕਰੋਨਾ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਜ਼ਾਦੀ ਦਿਵਸ ਮਨਾਉਣ ਲਈ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇ।