![](https://parvasinewspaper.com/wp-content/uploads/2020/07/pjimage-11-1590737382-300x169.jpg)
ਹੁਣ ਪਰਵਾਸੀ ਕਾਮਿਆਂ ਦੇ ਰੁਜ਼ਗਾਰ ਲਈ ਖੋਲ੍ਹਿਆ ਆਨਲਾਈਨ ਪੋਰਟਲ
ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰ ਸੋਨੂੰ ਸੂਦ ਭਲਾਈ ਦੇ ਕੰਮਾਂ ਕਰਕੇ ਲੋਕਾਂ ਦੇ ਦਿਲਾਂ ਵਿਚ ਵਸਦੇ ਜਾ ਰਹੇ ਹਨ। ਲੌਕਡਾਊਨ ਤੋਂ ਬਾਅਦ ਭਾਰਤ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਕਰਨ ਵਾਲੇ ਸੋਨੂੰ ਸੂਦ ਨੇ ਹੁਣ ਇਨ੍ਹਾਂ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇੱਕ ਨਵਾਂ ਕਦਮ ਚੁੱਕਿਆ ਹੈ। ਸੋਨੂੰ ਸੂਦ ਨੇ ‘ਪਰਵਾਸੀ ਰੁਜ਼ਗਾਰ’ ਨਾਮ ਦਾ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ, ਜਿਸ ਰਾਹੀਂ ਮਜ਼ਦੂਰਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਲਈ ਲੋੜੀਂਦੀ ਜਾਣਕਾਰੀ ਤੇ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਦਿੱਤੀ ਜਾਵੇਗੀ। ਕੁਝ ਵਿਸ਼ੇਸ਼ ਕਿਸਮ ਦੇ ਰੁਜ਼ਗਾਰ ਦੇ ਮਾਮਲੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਪੋਰਟਲ ਨੇ ਭਾਰਤ ਦੇ ਵੱਖ-ਵੱਖ ਸੈਕਟਰਾਂ ਨਾਲ ਭਾਈਵਾਲੀ ਵੀ ਕੀਤੀ ਹੈ। ਧਿਆਨ ਰਹੇ ਕਿ ਇਹ ਪੋਰਟਲ 500 ਨਾਮਵਰ ਕੰਪਨੀਆਂ ਨਾਲ ਜੁੜਿਆ ਹੈ, ਜਿਸ ਵਿੱਚ ਪਰਵਾਸੀ ਮਜ਼ਦੂਰਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਹੋਣਗੇ।