Breaking News
Home / ਭਾਰਤ / ਕਾਰਗਿਲ ਵਿਜੈ ਦਿਵਸ ਮੌਕੇ ਜਵਾਨਾਂ ਦੀ ਵੀਰਤਾ ਨੂੰ ਕੀਤਾ ਸਲਾਮ

ਕਾਰਗਿਲ ਵਿਜੈ ਦਿਵਸ ਮੌਕੇ ਜਵਾਨਾਂ ਦੀ ਵੀਰਤਾ ਨੂੰ ਕੀਤਾ ਸਲਾਮ

15 ਅਗਸਤ ਨੂੰ ਕਰੋਨਾ ਤੋਂ ਆਜ਼ਾਦੀ ਪਾਉਣ ਦੀ ਸਹੁੰ ਚੁੱਕਣ ਦੀ ਮੋਦੀ ਵਲੋਂ ਅਪੀਲ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਰਗਿਲ ਵਿਜੈ ਦਿਵਸ ਮੌਕੇ ਕਾਰਗਿਲ ਦੀ ਲੜਾਈ ਦੌਰਾਨ ਹਥਿਆਬੰਦ ਫ਼ੌਜਾਂ ਵੱਲੋ ਦਿਖਾਈ ਗਈ ਬਹਾਦਰੀ ਨੂੰ ਸਲਾਮ ਕਰਦਿਆਂ ਲੋਕਾਂ ਨੂੰ ਸੈਨਿਕਾਂ ਦੇ ਮਨੋਬਲ ਨੂੰ ਧਿਆਨ ਵਿੱਚ ਰੱਖ ਕੇ ਹੀ ਕੁਝ ਬੋਲਣ ਅਤੇ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਹਾ ਕਿ ਜੰਗਾਂ ਸਿਰਫ਼ ਸਰਹੱਦਾਂ ‘ਤੇ ਹੀ ਨਹੀਂ ਲੜੀਆਂ ਜਾਂਦੀਆਂ ਸਗੋਂ ਦੇਸ਼ ਦੇ ਅੰਦਰ ਵੀ ਕਈ ਮੋਰਚਿਆਂ ‘ਤੇ ਲੜੀਆਂ ਜਾਂਦੀਆਂ ਹਨ। ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜੋ ਇਸ ਵਾਰ ਇਤਫ਼ਾਕ ਨਾਲ ਕਾਰਗਿਲ ਵਿਜੈ ਦਿਵਸ ਦੀ 21ਵੀਂ ਵਰ੍ਹੇਗੰਢ ਮੌਕੇ ਸੀ, ‘ਤੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਟਕਰਾਅ ਲਈ ਪਾਕਿਸਤਾਨ ਨੂੰ ਵੀ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਦਿੱਲੀ ਵੱਲੋਂ ਦੋਸਤੀ ਲਈ ਵਧਾਏ ਗਏ ਹੱਥ ਦਾ ਜਵਾਬ ਇਸਲਾਮਾਬਾਦ ਨੇ ਪਿੱਠ ਵਿਚ ਛੁਰਾ ਮਾਰ ਕੇ ਦਿੱਤਾ ਸੀ। ਮੋਦੀ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਵਿਵਹਾਰ ਤੇ ਟਿੱਪਣੀਆਂ ਹਮੇਸ਼ਾਂ ਸੈਨਿਕਾਂ ਦਾ ਮਨੋਬਲ ਤੇ ਮਾਣ ਵਧਾਉਣ ਵਾਲੀਆਂ ਹੋਣ। ਉਨ੍ਹਾਂ ਹਰੇਕ ਦੇਸ਼ ਵਾਸੀ ਨੂੰ ਅਪੀਲ ਕੀਤੀ ਕਿ ਉਹ ਸਭ ਕੁਝ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਲਈ ਕਰਨ। ਇਸ ਦੌਰਾਨ ਉਨ੍ਹਾਂ ਸੋਸ਼ਲ ਮੀਡੀਆ ਦੇ ਖ਼ਤਰਿਆਂ ਦਾ ਜ਼ਿਕਰ ਵੀ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਆਜ਼ਾਦੀ ਦਿਵਸ ਸਮਾਗਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਾਗਮ ਇਸ ਵਾਰ ਕਰੋਨਾ ਵਾਇਰਸ ਮਹਾਮਾਰੀ ਵਿਚਾਲੇ ਆ ਰਹੇ ਹਨ, ਇਸ ਕਰਕੇ ਇਹ ਕਾਫੀ ਵੱਖਰੇ ਹੋਣਗੇ।
ਉਨ੍ਹਾਂ ਨੌਜਵਾਨਾਂ ਨੂੰ ਇਸ 15 ਅਗਸਤ ਨੂੰ ਮਹਾਮਾਰੀ ਤੋਂ ਆਜ਼ਾਦੀ ਪਾਉਣ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਭਰ ਵਿੱਚ ਹੜ੍ਹਾਂ ਤੇ ਮੀਂਹ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਬੋਰਡ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।
ਜਵਾਨਾਂ ਦੀ ਕੁਰਬਾਨੀ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ : ਰਾਜਨਾਥ
ਨਵੀਂ ਦਿੱਲੀ : ਕਾਰਗਿਲ ਜੰਗ ਵਿਚ ਦੇਸ਼ ਦੀ ਪਾਕਿਸਤਾਨ ‘ਤੇ ਜਿੱਤ ਦੀ ਵਰ੍ਹੇਗੰਢ ਮੌਕੇ ਐਤਵਾਰ ਨੂੰ ਨਵੀਂ ਦਿੱਲੀ ਦੀ ‘ਨੈਸ਼ਨਲ ਵਾਰ ਮੈਮੋਰੀਅਲ’ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਫ਼ੌਜ ਨੇ 26 ਜੁਲਾਈ 1999 ਨੂੰ ਕਾਰਗਿਲ ਦੀਆਂ ਬਰਫ਼ੀਲੀਆਂ ਪਹਾੜੀਆਂ ਵਿਚ ਕਰੀਬ ਤਿੰਨ ਮਹੀਨੇ ਚੱਲੀ ਜੰਗ ‘ਚ ਜਿੱਤ ਪ੍ਰਾਪਤ ਕਰਕੇ ‘ਆਪ੍ਰੇਸ਼ਨ ਵਿਜੇ’ ਦੀ ਸਫ਼ਲਤਾ ਦਾ ਐਲਾਨ ਕੀਤਾ ਸੀ। ਇਸ ਜੰਗ ਵਿਚ 500 ਤੋਂ ਜ਼ਿਆਦਾ ਜਵਾਨ ਸ਼ਹੀਦੀ ਪ੍ਰਾਪਤ ਕਰ ਗਏ। ਰਾਜਨਾਥ ਨੇ ਕਿਹਾ ਕਿ ਸਾਡੇ ਜਵਾਨਾਂ ਦੀ ਕੁਰਬਾਨੀ ਹੈ, ਜਿਸ ਕਾਰਨ ਅਸੀਂ ਕਾਰਗਿਲ ਜੰਗ ਜਿੱਤ ਸਕੇ, ਹਥਿਆਰਬੰਦ ਫ਼ੌਜਾਂ ਲਈ ਹਮੇਸ਼ਾ ਪ੍ਰੇਰਨਾ ਦਾ ਸੋਮਾ ਰਹੇਗੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …