Breaking News
Home / ਭਾਰਤ / ਟੀਡੀਪੀ ਦੇ ਦੋਵੇਂ ਕੇਂਦਰੀ ਮੰਤਰੀਆਂ ਵੱਲੋਂ ਅਸਤੀਫ਼ਾ

ਟੀਡੀਪੀ ਦੇ ਦੋਵੇਂ ਕੇਂਦਰੀ ਮੰਤਰੀਆਂ ਵੱਲੋਂ ਅਸਤੀਫ਼ਾ

ਭਾਜਪਾ ਨੇ ਵੀ ਨਾਇਡੂ ਸਰਕਾਰ ‘ਚੋਂ ਆਪਣੇ ਦੋਵੇਂ ਮੰਤਰੀ ਵਾਪਸ ਬੁਲਾਏ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਤੇਲਗੂ ਦੇਸਮ ਪਾਰਟੀ ਦੇ ਦੋ ਮੰਤਰੀਆਂ ਅਸ਼ੋਕ ਗਜਪਤੀ ਰਾਜੂ ਅਤੇ ਵਾਈਐਸ ਚੌਧਰੀ ਨੇ ਵੀਰਵਾਰ ਨੂੰ ਆਪਣੇ ਅਸਤੀਫ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤੇ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ‘ਤੇ ਮੁਲਾਕਾਤ ਤੋਂ ਬਾਅਦ ਰਾਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣੀ ਰਹੇਗੀ। ਚੌਧਰੀ ਨੇ ਕਿਹਾ ਕਿ ”ਨਾ ਟਾਲੇ ਜਾ ਸਕਣ ਵਾਲੇ ਹਾਲਾਤ” ਕਰ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ”ਜਦੋਂ ਵਿਆਹ ਹੁੰਦਾ ਹੈ ਤਾਂ ਹਰ ਕੋਈ ਖ਼ੁਸ਼ ਹੁੰਦਾ ਹੈ ਪਰ ਤਲਾਕ ਵੇਲੇ ਕੋਈ ਵੀ ਨਹੀਂ। ਲੋਕਰਾਜ ਦੀ ਖੂਬਸੂਰਤੀ ਹਰੇਕ ਨੂੰ ਖੁਸ਼ ਕਰਨ ‘ਚ ਹੁੰਦੀ ਹੈ ਤੇ ਭਾਜਪਾ ਦੀ ਇਸ ਵੇਲੇ ਇਹੀ ਜ਼ਿੰਮੇਵਾਰੀ ਹੈ।” ਇਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ ‘ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਗੱਲਬਾਤ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਸਰਕਾਰ ‘ਚੋਂ ਬਾਹਰ ਆਉਣ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਪਰ ਨਾਇਡੂ ਨੇ ਆਪਣੀ ਮਜਬੂਰੀ ਦੱਸੀ।
ਜਦੋਂ ਪੱਤਰਕਾਰਾਂ ਨੇ ਟੀਡੀਪੀ ਮੰਤਰੀਆਂ ਤੋਂ ਉਨ੍ਹਾਂ ਦੀ ਮੰਗ ਬਾਰੇ ਪ੍ਰਧਾਨ ਮੰਤਰੀ ਦੇ ਰਵੱਈਏ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਫ਼ਸੋਸਨਾਕ ਘਟਨਾਕ੍ਰਮ ਹੈ ਪਰ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਦੇ ਨਾਲ ਹਨ। ਟੀਡੀਪੀ ਨੇਤਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਰਾਜ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਤੋਂ ਮਨ੍ਹਾ ਕਰਨ ਦੇ ਰੋਸ ਵਜੋਂ ਪਾਰਟੀ ਦੇ ਦੋਵੇਂ ਮੰਤਰੀ ਕੇਂਦਰ ਸਰਕਾਰ ਤੋਂ ਅਸਤੀਫ਼ਾ ਦੇ ਦੇਣਗੇ। ਰਾਜੂ ਮੋਦੀ ਸਰਕਾਰ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਸਨ ਜਦਕਿ ਚੌਧਰੀ ਸਾਇੰਸ ਤੇ ਤਕਨਾਲੋਜੀ ਰਾਜ ਮੰਤਰੀ ਸਨ। ਚੌਧਰੀ ਨੇ ਕਿਹਾ ਕਿ ਵਿਸ਼ੇਸ਼ ਰਾਜ ਦਾ ਦਰਜਾ ਰਾਜ ਲਈ ਜਜ਼ਬਾਤੀ ਮੁੱਦਾ ਹੈ ਪਰ ਕੇਂਦਰ ਨੇ ਇਸ ਨੂੰ ਮੁਖ਼ਾਤਬ ਨਹੀਂ ਕੀਤਾ ਹਾਲਾਂਕਿ ਇਸ ਵੱਲੋਂ ਐਲਾਨਿਆ ਵਿਸ਼ੇਸ਼ ਪੈਕੇਜ ਕਾਫ਼ੀ ਨਹੀਂ ਸੀ। ਉਂਜ, ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਕੇਂਦਰ ਨੇ ਰਾਜ ਲਈ ਕੁਝ ਨਹੀਂ ਕੀਤਾ। ਤੇਲਗੂ ਦੇਸਮ ਪਾਰਟੀ ਦੇ ਲੋਕ ਸਭਾ ਵਿਚ 16 ਅਤੇ ਰਾਜ ਸਭਾ ਵਿੱਚ 6 ਮੈਂਬਰ ਹਨ।ਇਸ ਦੌਰਾਨ, ਭਾਜਪਾ ਨੇ ਆਂਧਰਾ ਪ੍ਰਦੇਸ਼ ਵਿੱਚ ਨਾਇਡੂ ਸਰਕਾਰ ਵਿੱਚ ਆਪਣੇ ਦੋ ਮੰਤਰੀ ਵਾਪਸ ਬੁਲਾ ਲਏ ਹਨ। ਪਾਰਟੀ ਦੇ ਇਕ ਐਮਪੀ ਨਰਮਲੀ ਸ਼ਿਵਾਪ੍ਰਸ਼ਾਦ ਨੇ ਕਿਹਾ ਕਿ ਭਾਜਪਾ ਤੇਲਗੂ ਨੂੰ ਛੋਟੀ ਪਾਰਟੀ ਗਿਣਦੀ ਰਹੀ ਹੈ ਪਰ ਇਸ ਦੀ ਤਾਕਤ ਹੁਣ ਸਮਝ ਆਵੇਗੀ।
ਟੀਡੀਪੀ ਦੇ ਦੋ ਮੰਤਰੀਆਂ ਵੱਲੋਂ ਕੇਂਦਰੀ ਵਜ਼ਾਰਤ ‘ਚੋਂ ਅਸਤੀਫ਼ੇ ਦੇਣ ਮਗਰੋਂ ਭਵਿੱਖੀ ਸਿਆਸਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੁੱਖ ਮੰਤਰੀ ਨੇ ਟੀਡੀਪੀ ਦੇ ਸੀਨੀਅਰ ਆਗੂਆਂ ਜਿਨ੍ਹਾਂ ‘ਚ ਕਲਵਾ ਸ੍ਰੀਨਿਗਾਸੁਲੂ, ਸੋਮੀਰੈੱਡੀ ਚੰਦਰਮੋਹਨ ਰੈੱਡੀ ਤੇ ਨਰਾਇਣ ਸ਼ਾਮਲ ਸਨ, ਨਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਪ੍ਰਾਕਲਾ ਪ੍ਰਭਾਕਰ ਨੇ ਸੂਬੇ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਬਾਰੇ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਲੰਘੀ ਰਾਤ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੋ ਨਾ ਸਕੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਵੀਰਵਾਰ ਨੂੰ ਮੁੜ ਗੱਲ ਕੀਤੀ ਹੈ। ਨਾਇਡੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਸਪੱਸ਼ਟ ਕਹਿ ਦਿੱਤਾ ਸੀ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਣਾ ਸੰਭਵ ਨਹੀਂ ਹੈ ਤੇ ਇਹ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੈ। ਇਸ ਮਗਰੋਂ ਮੁੱਖ ਮੰਤਰੀ ਨੇ ਕਿਹਾ, ‘ਅਰੁਣ ਜੇਤਲੀ ਵੱਲੋਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਤੋਂ ਇਨਕਾਰ ਕਰਨ ਮਗਰੋਂ ਸਾਡੇ ਵੱਲੋਂ ਕੇਂਦਰੀ ਵਜ਼ਾਰਤ ‘ਚ ਆਪਣੀ ਹਾਜ਼ਰੀ ਬਣਾਏ ਰੱਖਣ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ। ਹਾਲਾਂੲਕਿ ਟੀਡੀਪੀ ਐੱਨਡੀਏ ਦੀ ਭਾਈਵਾਲ ਬਣੀ ਰਹੇਗੀ।’

Check Also

‘ਆਪ’ ਆਗੂ ਸੰਜੇ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਲਗਾਇਆ ਵੱਡਾ ਆਰੋਪ

ਕਿਹਾ : 5ਜੀ ਨੀਲਾਮੀ ਰਾਹੀਂ ਪ੍ਰਧਾਨ ਮੰਤਰੀ ਨੇ ਆਪਣੇ ਦੋਸਤਾਂ ਨੂੰ ਵੰਡੇ 15 ਲੱਖ ਕਰੋੜ …