Breaking News
Home / ਹਫ਼ਤਾਵਾਰੀ ਫੇਰੀ / ਰਾਜ ਮਹਾਰਾਜੇ ਦਾ ਚੜ੍ਹਾਈ ਬਾਦਲਾਂ ਦੀ

ਰਾਜ ਮਹਾਰਾਜੇ ਦਾ ਚੜ੍ਹਾਈ ਬਾਦਲਾਂ ਦੀ

ਬਾਦਲਾਂ ਦੀ ਟਰਾਂਸਪੋਰਟ ‘ਚ ਦਿਨੋ-ਦਿਨ ਹੋ ਰਿਹਾ ਹੈ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਕਾਂਗਰਸ ਵੱਲੋਂ ਅਕਸਰ ਟਰਾਂਸਪੋਰਟ ‘ਤੇ ਕਬਜ਼ੇ ਦੇ ਦੋਸ਼ ਲਾਏ ਜਾਂਦੇ ਸਨ ਅਤੇ ਵਿਧਾਨ ਸਭਾ ਚੋਣਾਂ ਵਿਚ ਇਹ ਮੁੱਦਾ ਵੀ ਉਭਰਿਆ ਸੀ। ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਟਰਾਂਸਪੋਰਟ ਕਾਰੋਬਾਰ ਨੂੰ ਵੱਡੇ ਪੱਧਰ ‘ਤੇ ਉਠਾਇਆ ਸੀ। ਜਾਣਕਾਰੀ ਮੁਤਾਬਕ ਕਰੀਬ ਇਕ ਸਾਲ ਸੱਤਾ ਤੋਂ ਬਾਹਰ ਰਹਿਣ ਮਗਰੋਂ ਵੀ ਬਾਦਲਾਂ ਦੀਆਂ ਬੱਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਇਕ ਕੰਪਨੀ ਦੇ ਸਾਰੇ ਬੱਸ ਪਰਮਿਟ ਆਪਣੇ ਕੰਟਰੋਲ ਵਿਚ ਲੈ ਲਏ ਹਨ ਜਦਕਿ ਤਿੰਨ ਹੋਰ ਟਰਾਂਸਪੋਰਟਾਂ ਦੇ ਪਰਮਿਟ ਹਾਸਲ ਕਰਨ ਲਈ ਗੱਲਬਾਤ ਅੰਤਮ ਦੌਰ ਵਿਚ ਹੋਣਾ ਮੰਨਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਵਿਚ ਕਰੀਬ 40 ਹੋਰ ਬੱਸਾਂ ਜੁੜਨ ਜਾ ਰਹੀਆਂ ਹਨ। ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਮੈਨੇਜਰ ਭਾਵੇਂ ਖਾਮੋਸ਼ ਹਨ ਪਰ ਡੀਐਮਐਸ ਬੱਸ ਟਰਾਂਸਪੋਰਟ ਕੰਪਨੀ ਦੇ ਮਾਲਕ ਅਮਰਜੀਤ ਸਮਰਾ (ਜਲੰਧਰ ਤੋਂ ਸਾਬਕਾ ਕਾਂਗਰਸ ਮੰਤਰੀ) ਨੇ ਸੌਦਿਆਂ ਦੀ ਤਸਦੀਕ ਕੀਤੀ ਹੈ। ਸਮਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਬਾਦਲਾਂ ਨੂੰ ਸਾਰੀਆਂ 14 ਬੱਸਾਂ ਦੇ ਪਰਮਿਟ ਵੇਚ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੋਟੇ ਟਰਾਂਸਪੋਰਟਰਾਂ ਲਈ ઠਹੁਣ ਇਹ ਮੁਨਾਫ਼ੇ ਵਾਲਾ ਕਾਰੋਬਾਰ ਨਹੀਂ ਰਿਹਾ। ਉਂਜ ਉਨ੍ਹਾਂ ਪ੍ਰਿੰਸ ਬੱਸ ਸਰਵਿਸ ਦੀਆਂ ਬੱਸਾਂ ਦੇ ਸੌਦੇ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਪਰਿਵਾਰ ਦੀ ਹੋਰ ਟਰਾਂਸਪੋਰਟਰ ਨਾਲ ਹਿੱਸੇਦਾਰੀ ਹੈ। ਇਸੇ ਤਰ੍ਹਾਂ ਮਾਨਸਾ ਆਧਾਰਿਤ ਪੰਜਾਬ ਬੱਸ ਸਰਵਿਸ ਅਤੇ ਲਾਡੀ ਟਰਾਂਸਪੋਰਟ ਤੇ ਜਲੰਧਰ ਆਧਾਰਿਤ ਰਾਜਦੀਪ ਟਰਾਂਸਪੋਰਟ ਨੇ ਵੀ ਸੌਦਿਆਂ ਦੀ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਉਧਰ ਇਨ੍ਹਾਂ ਕੰਪਨੀਆਂ ਦੇ ਕੁਝ ਅਪਰੇਟਰਾਂ ਅਤੇ ਮੈਨੇਜਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਆਪਣੇ ‘ਨਵੇਂ ਮਾਲਕਾਂ’ ਨੂੰ ਰਿਪੋਰਟ ਦੇ ਰਹੇ ਹਨ। ਪੰਜਾਬ ਬੱਸ ਸਰਵਿਸ ਦੇ ਤੇਜਾ ਸਿੰਘ ਨੇ ਆਪਣੀਆਂ ਬੱਸਾਂ ਦੀ ਵਿਕਰੀ ਦੀਆਂ ਰਿਪੋਰਟਾਂ ਨੂੰ ਅਫ਼ਵਾਹ ਕਰਾਰ ਦਿੱਤਾ। ਟਰਾਂਸਪੋਰਟ ਗਜ਼ਟ ਵੀਕਲੀ ਨੇ ਆਪਣੇ ਪਿਛਲੇ ਹਫ਼ਤੇ ਦੇ ਅੰਕ ਵਿਚ ਇਨ੍ਹਾਂ ਸੌਦਿਆਂ ਬਾਰੇ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਸੂਤਰਾਂ ਮੁਤਾਬਕ ਸੌਦਾ ਤਾਂ ਹੀ ਸਿਰੇ ਚੜ੍ਹੇਗਾ ਜਦੋਂ ਪੂਰੀ ਰਕਮ ਦੀ ਅਦਾਇਗੀ ਹੋ ਜਾਵੇਗੀ। ਨਿਯਮਾਂ ਤਹਿਤ ਬੱਸ ਰੂਟ ਪਰਮਿਟਾਂ ਦੀ ਮਾਲਕੀ ਵਿਚ ਬਦਲਾਅ ਦਾ ਨੋਟੀਫਿਕੇਸ਼ਨ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਨਾ ਪੈਂਦਾ ਹੈ ਅਤੇ ਸਾਰੇ ਨੋਟੀਫਿਕੇਸ਼ਨ ਟਰਾਂਸਪੋਰਟ ਗਜ਼ਟ ਵਿਚ ਛਾਪੇ ਜਾਂਦੇ ਹਨ। ਇਨ੍ਹਾਂ ਕਥਿਤ ਸੌਦਿਆਂ ਨੇ ਛੋਟੇ ਟਰਾਂਸਪੋਰਟਰਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਮਿੰਨੀ ਬੱਸ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ ਜੇ ਐਸ ਗਰੇਵਾਲ ਨੇ ਚੋਣਵੀਆਂ ਕੰਪਨੀਆਂ ਦੇ ਵਧਦੇ ਬੱਸ ਟਰਾਂਸਪੋਰਟ ਧੰਦੇ ਦੀ ਸੀਬੀਆਈ ਜਾਂਚ ਮੰਗੀ ਹੈ। ਉਨ੍ਹਾਂ ਕਿਹਾ, ”ਜ਼ਿਆਦਾਤਰ ਟਰਾਂਸਪੋਰਟਰਜ਼ ਨੂੰ ਨੁਕਸਾਨ ਝਲਣਾ ਪੈ ਰਿਹਾ ਹੈ ਪਰ ਫਿਰ ਵੀ ਕੁਝ ਦਾ ਕਾਰੋਬਾਰ ਵਧ-ਫੁਲ ਰਿਹਾ ਹੈ।” ਉਨ੍ਹਾਂ ਕਾਂਗਰਸ ਸਰਕਾਰ ‘ਤੇ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਵਿਚ ਦੇਰੀ ਦਾ ਦੋਸ਼ ਲਾਇਆ। ਗਰੇਵਾਲ ਨੇ ਕਿਹਾ ਕਿ ਕਾਂਗਰਸ ਨੇ ਸਾਰੇ ਟਰਾਂਸਪੋਰਟਰਾਂ ਨੂੰ ਇਕਸਾਰ ਮੌਕਾ ਦੇਣ ਦਾ ਵਾਅਦਾ ਕੀਤਾ ਸੀ ਪਰ ਹਕੀਕਤ ਵਿਚ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ। ‘ਉਹ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਵਿਚ ਨਾਕਾਮ ਰਹੇ ਜਿਸ ਕਾਰਨ ਕੁਝ ਟਰਾਂਸਪੋਰਟਰ ਮੁਨਾਫ਼ਾ ਖੱਟ ਰਹੇ ਹਨ। ਕਈ ਹੋਰ ਟਰਾਂਸਪੋਰਟਰਾਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਬਾਦਲਾਂ ਦੀ ਮਾਲਕੀ ਵਾਲੀਆਂ ਟਰਾਂਸਪੋਰਟ ਕੰਪਨੀਆਂ ਨੂੰ ਬੱਸ ਟਾਈਮ ਟੇਬਲ ਵਿਚ ਵੀ ਲਾਹਾ ਮਿਲਦਾ ਹੈ ਜਿਥੇ ਉਨ੍ਹਾਂ ਦੀਆਂ ਬੱਸਾਂ ਨੂੰ ਅੱਡਿਆਂ ‘ਤੇ 10 ਮਿੰਟ ਤਕ ਰੁਕਣ ਦਾ ਸਮਾਂ ਮਿਲਦਾ ਹੈ। ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ‘ਤੇ ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਟਰਾਂਸਪੋਰਟਰਾਂ ਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਦੋ ਮਿੰਟ ਤੋਂ ਵਧ ਬੱਸਾਂ ਖੜ੍ਹਾਉਣ ਦਾ ਸਮਾਂ ਤੱਕ ਨਹੀਂ ਮਿਲਦਾ।
ਬਾਦਲਾਂ ਦੀ ਟਰਾਂਸਪੋਰਟ ਨੇ ਹਿਮਾਚਲ ‘ਚ ਪੈਰ ਪਸਾਰੇ
ਧਰਮਸਾਲਾ : ਪੰਜਾਬ ਵਿੱਚ ਟਰਾਂਸਪੋਰਟ ਦੇ ਵਪਾਰ ਵਿੱਚ ਕਾਮਯਾਬੀ ਦੇ ਨਾਲ-ਨਾਲ ਬਾਦਲਾਂ ਨੇ ਹੁਣ ਹਿਮਾਚਲ ਵਿੱਚ ਵੀ ਆਪਣਾ ਕਾਰੋਬਾਰ ਭਖਾ ਲਿਆ ਹੈ। ਇਥੋਂ ਦੀ ਇੰਡੋ ਕੈਨੇਡੀਅਨ ਕੰਪਨੀ ਦੇ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੀਆਂ ਰੋਜ਼ਾਨਾ ਹਿਮਾਚਲ ਤੋਂ ਦਿੱਲੀ ਲਈ ਕਈ ਛੋਟੀਆਂ ਤੇ ਦਰਮਿਆਨੀਆਂ ਵਾਲਵੋ ਬੱਸਾਂ ਚੱਲ ਰਹੀਆਂ ਹਨ। ਮੈਟਰੋ ਈਕੋ ਗਰੀਨ ਰਿਜ਼ੋਰਟਸ ਲਿਮਟਿਡ ਨੇ ਇਥੇ ਕਈ ਟਰਾਂਸਪੋਰਟ ਫਰਮਾਂ ਜਿਵੇਂ ਸਵਾਗਤਮ, ਲਕਸ਼ਮੀ ਹਾਲੀਡੇਅ, ਨਾਰਦਰਨ ਟ੍ਰੈਵਲਜ਼, ਲੀਓ ਟ੍ਰੈਵਲਜ਼, ਤਨਿਸ਼ਕ ਟ੍ਰੈਵਲਜ਼ ਅਤੇ ਅਪਸਰਾ ਟ੍ਰੈਵਲਜ਼ ਖਰੀਦ ਲਈਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਰੋਜ਼ਾਨਾ ਚਾਰ ਤੋਂ ਵੀਹ ਬੱਸਾਂ ਮਨਾਲੀ, ਧਰਮਸਾਲਾ ਅਤੇ ਦਿੱਲੀ ਨੂੰ ਚਲਾਈਆਂ ਜਾ ਰਹੀਆਂ ਹਨ। ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਮੈਟਰੋ ਗ੍ਰੀਨ ਰਿਜ਼ੋਰਟ ਲਿਮਟਿਡ ਦੇ ਭਾਈਵਾਲ ਹਨ। ਸਵਾਗਤਮ ਟ੍ਰੈਵਲਜ਼ ਦੇ ਮਾਲਕ ਜੋਗਿੰਦਰਪਾਲ ਸ਼ਰਮਾ ਨੇ ਮੰਨਿਆ ਕਿ ਉਨ੍ਹਾਂ ਆਪਣੀ ਕੰਪਨੀ ਈਕੋ ਗ੍ਰੀਨ ਰਿਜ਼ਾਰਟਸ ਲਿਮਟਿਡ ਨੂੰ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ 70 ਸਾਲ ਹੈ ਤੇ ਪਰਿਵਾਰ ਵਿੱਚ ਉਨ੍ਹਾਂ ਤੋਂ ਬਾਅਦ ਇਸ ਕਾਰੋਬਾਰ ਨੂੰ ਅੱਗੇ ਤੋਰਨ ਲਈ ਕੋਈ ਮੈਂਬਰ ਨਹੀਂ ਸੀ।
ਆਮ ਆਦਮੀ ਪਾਰਟੀ ਨੇ ਬਾਦਲਾਂ ਦੀ ਟਰਾਂਸਪੋਰਟ ਨੂੰ ਦੱਸਿਆ ‘ਸ਼ਾਰਕ ਮੱਛੀ’
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਬਾਦਲਾਂ ਦੀਆਂ ਬੱਸਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਨੇ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਟਰਾਂਸਪੋਰਟ ਕਾਰੋਬਾਰ ਨੂੰ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਲਈ ‘ਸ਼ਾਰਕ ਮੱਛੀ’ ਦੱਸਦੇ ਹੋਏ ਕੈਪਟਨ ਸਰਕਾਰ ਨੂੰ ਘੇਰਿਆ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਸੁਖਪਾਲ ਖਹਿਰਾ, ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਅਮਨ ਅਰੋੜਾ ਨੇ ਕਿਹਾ ਕਿ ‘ਸ਼ਾਰਕ ਮੱਛੀ’ ਦਾ ਰੂਪ ਧਾਰਨ ਕਰ ਚੁੱਕੀਆਂ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਅਕਾਲੀ-ਭਾਜਪਾ ਸਰਕਾਰ ਮੌਕੇ ਮਚਾਈ ਗਈ ਅੱਤ ਸਮਝ ਆਉਂਦੀ ਹੈ। ਪਰ ਕੈਪਟਨ ਦੀ ਕਾਂਗਰਸ ਸਰਕਾਰ ਦੌਰਾਨ ਵੀ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਉਸੇ ‘ਸਟਾਈਲ ਤੇ ਸਪੀਡ’ ਨਾਲ ਕਿਵੇਂ ਵਧੀ ਜਾ ਰਿਹਾ ਹੈ? ਚੇਤੇ ਰਹੇ ਕਿ ਇਕ ਕਾਂਗਰਸੀ ਆਗੂ ਦੀਆਂ ਬੱਸਾਂ ਦੇ ਰੂਟ ਵੀ ਬਾਦਲਾਂ ਦੀਆਂ ਕੰਪਨੀਆਂ ਵਲੋਂ ਖਰੀਦੇ ਜਾਣ ਦੇ ਚਰਚੇ ਹਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …