Breaking News
Home / ਨਜ਼ਰੀਆ / ਵਾਤਵਰਣ ਸਵੱਛਤਾ ਬਾਰੇ ਬਾਲ ਨਾਟਕ

ਵਾਤਵਰਣ ਸਵੱਛਤਾ ਬਾਰੇ ਬਾਲ ਨਾਟਕ

ਉਦਾਸ ਬੱਤਖਾਂ
ਡਾ. ਡੀ ਪੀ ਸਿੰਘ
416-859-1856

ਪਾਤਰ:
ਰਾਕੇਸ਼ – 40 ਕੁ ਸਾਲ ਦਾ ਆਦਮੀ
ਗੀਤਾ – 37 ਕੁ ਸਾਲ ਦੀ ਔਰਤ
ਅਰੁਣ – 13 ਕੁ ਸਾਲ ਦਾ ਮੁੰਡਾ
ਸ਼ਿਵਾਨੀ – 11 ਕੁ ਸਾਲ ਦੀ ਕੁੜੀ
4-5 ਛੋਟੇ ਬੱਚੇ ਬੱਤਖਾਂ ਦੇ ਰੂਪ ਵਿਚ।
2-3 ਬੱਚੇ ਪਾਰਕ ਵਿਚ ਖੇਲਦੇ ਹੋਏ।
ਪਰਦਾ ਉੱਠਦਾ ਹੈ।
ਸਥਾਨ : ਝੀਲ ਦੇ ਕਿਨਾਰੇ ਸਥਿਤ ਪਾਰਕ
ਸਮਾਂ : ਦੁਪਿਹਰ ਦਾ।
ਸੀਨ ਪਹਿਲਾ
(ਅਰੁਣ ਤੇ ਸ਼ਿਵਾਨੀ ਆਪਣੇ ਮੰਮੀ-ਪਾਪਾ ਨਾਲ ਝੀਲ ਕਿਨਾਰੇ ਸਥਿਤ ਪਾਰਕ ਵਿਚ ਪਿਕਨਿਕ ਲਈ ਆਏ ਹੋਏ ਨੇ। ਪਾਰਕ ਵਿਚ ਇਧਰ ਉਧਰ ਕੱਚਰਾ ਬਿਖਰਿਆ ਪਿਆ ਹੈ। ਸਰਦੀ ਦਾ ਮੌਸਮ ਹੈ। ਉਹ ਸਾਰੇ ਹਰੇ ਭਰੇ ਘਾਹ ਉੱਤੇ ਚੱਦਰ ਵਿਛਾ ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਹਨ। ਹੁਣੇ ਹੀ ਦੁਪਿਹਰ ਦਾ ਖਾਣਾ ਖਾ ਕੇ ਹਟੇ ਹਨ।)
ਰਾਕੇਸ਼ : ਬਹੁਤ ਸੁਹਣਾ ਦਿਨ ਲੱਗਾ ਹੈ ਅੱਜ । ਧੁੱਪ ਵੀ ਕਿੰਨ੍ਹੀ ਨਿੱਘੀ ਨਿੱਘੀ ਲੱਗ ਰਹੀ ਹੈ।
ਗੀਤਾ: ਜੀ ਹਾਂ ! ਸੱਚ ਹੀ ਬਹੁਤ ਵਧੀਆ ਦਿਨ ਹੈ । …..ਹੁਣ ਤਾਂ ਖਾਣੇ ਦਾ ਕੰਮ ਵੀ ਮੁੱਕ ਗਿਆ ਹੈ। ਮੈਂ ਥੋੜ੍ਹੀ ਦੇਰ ਆਰਾਮ ਹੀ ਕਰ ਲੈਂਦੀ ਹਾਂ।
ਰਾਕੇਸ਼: ਮੈਂ ਵੀ ਕੁਝ ਦੇਰ ਲਈ ਸੁਸਤਾਣਾ ਚਾਹੁੰਦਾ ਹਾਂ।
ਅਰੁਣ : ਪਾਪਾ ….. ਮੰਮੀ …..ਜਦ ਤਕ ਤੁਸੀਂ ਆਰਾਮ ਕਰਦੇ ਹੋ, ਮੈਂ ਤੇ ਸ਼ਿਵਾਨੀ ਝੀਲ ‘ਤੇ ਬੱਤਖਾਂ ਦੇਖ ਆਈਏ।
ਰਾਕੇਸ਼: ਠੀਕ ਹੈ! ਪਰ ਆਪਣਾ ਖਿਆਲ ਰੱਖਣਾ। …..ਕਿਧਰੇ ਪਾਣੀ ਵਿਚ ਨਾ ਵੜਿਓ।
2
ਸ਼ਿਵਾਨੀ : ਜੀ ਪਾਪਾ ।
(ਅਰੁਣ ਅਤੇ ਸ਼ਿਵਾਨੀ, ਮੰਮੀ-ਪਾਪਾ ਕੋਲੋਂ ਉੱਠ, ਦੋਨੋਂ ਖੁਸ਼ੀ ਖੁਸ਼ੀ ਝੀਲ ਵੱਲ ਚਲ ਪੈਂਦੇ ਹਨ।)
ਸੀਨ ਦੂਜਾ
(ਜਦੋਂ ਅਰੁਣ ਤੇ ਸ਼ਿਵਾਨੀ ਝੀਲ ਦੇ ਕਿਨਾਰੇ ਪਹੁੰਚਦੇ ਹਨ ਤਾਂ ਉਥੇ ਇਕ ਬੱਤਖਾਂ ਦਾ ਇਕ ਝੁੰਡ ਸਿਰ ਸੁੱਟੀ ਬਹੁਤ ਉਦਾਸ ਬੈਠਾ ਹੈ।
ਇਕ ਬੱਤਖ ਰੋ ਰਹੀ ਹੈ। ਅਰੁਣ ਤੇ ਸ਼ਿਵਾਨੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਬੱਤਖਾ ਉਥੋਂ ਜਾਣ ਲੱਗਦੀਆਂ ਹਨ। )
ਅਰੁਣ ਤੇ ਸ਼ਿਵਾਨੀ : ਰੁਕੋ ਰੁਕੋ । ਤੁਸੀਂ ਜਾ ਕਿਉਂ ਰਹੀਆਂ ਹੋ? ਅਸੀਂ ਤਾਂ ਤੁਹਾਡੇ ਨਾਲ ਖੇਲਣ ਆਏ ਹਾਂ।
ਬੱਤਖ 1: ਤੁਸੀਂ ਸਾਰੇ ਬੜੇ ਭੈੜੇ ਹੋ। …..ਤੁਹਾਡਾ ਇਥੇ ਆਉਣਾ ਸਾਨੂੰ ਜ਼ਰਾ ਪਸੰਦ ਨਹੀਂ।
ਸ਼ਿਵਾਨੀ: ਅਜਿਹਾ ਕਿਉਂ? ਅਸੀਂ ਤਾਂ ਕੁਝ ਵੀ ਮਾੜਾ ਨਹੀਂ ਕੀਤਾ।
ਬੱਤਖ 1 : ਤੁਸੀਂ ਤਾਂ ਮਾੜਾ ਨਹੀਂ ਕੀਤਾ । ਪਰ ਜਦੋਂ ਵੀ ਤੁਹਾਡੇ ਸਾਥੀ ਇਥੇ ਆਉਂਦੇ ਹਨ ਸਾਰੀ ਪਾਰਕ ਖ਼ਰਾਬ ਕਰ ਜਾਂਦੇ ਹਨ।
ਕੱਲ ਇਥੇ ਉਨ੍ਹਾਂ ਵਲੋਂ ਸੁੱਟੀ ਕੱਚ ਦੀ ਬੋਤਲ ਨਾਲ ਮੇਰੀ ਲੱਤ ਜਖ਼ਮੀ ਹੋ ਗਈ। ਇਹ ਅਜੇ ਵੀ ਬਹੁਤ ਦਰਦ ਕਰ ਰਹੀ ਹੈ।
(ਲੰਗੜਾਦੀ ਹੋਈ ਜਾਣ ਦੀ ਕੋਸ਼ਿਸ਼ ਕਰਦੀ ਹੈ।)
ਸ਼ਿਵਾਨੀ : ਇਹ ਤਾਂ ਬਹੁਤ ਮਾੜੀ ਗੱਲ ਹੈ। ਕਚਰਾ ਤਾਂ ਕਿਧਰੇ ਵੀ ਖਿਲਾਰਣਾ ਨਹੀਂ ਚਾਹੀਦਾ।
ਅਰੁਣ: ਕੀ ਹੋਇਆ? ਉਹ ਬੱਤਖ ਕਿਉਂ ਰੋ ਰਹੀ ਹੈ? (ਰੋ ਰਹੀ ਬੱਤਖ ਵੱਲ ਇਸ਼ਾਰਾ ਕਰਦੇ ਹੋਏ।)
ਬੱਤਖ 2: ਉਹ ਬਹੁਤ ਦੁੱਖੀ ਹੈ। ਕੁਝ ਦਿਨ ਪਹਿਲਾਂ ਉਸ ਦੇ ਨਿੱਕੂ ਨੇ ਪਾਰਕ ਵਿਚ ਖਿਲਰੇ ਕਚਰੇ ‘ਚੋਂ ਪਲਾਸਟਿਕ ਖਾ ਲਿਆ ਤੇ ਬਹੁਤ ਬੀਮਾਰ ਹੋ ਗਿਆ ਸੀ। ਕੱਲ ਹੀ ਨਿੱਕੂ ਦੀ ਮੌਤ ਹੋਈ ਹੈ।
ਸ਼ਿਵਾਨੀ ਤੇ ਅਰੁਣ: (ਬਹੁਤ ਉਦਾਸ ਚਿਹਰੇ ਨਾਲ) ਓਹ ਹੋ …..ਇਹ ਤਾਂ ਬਹੁਤ ਮਾੜਾ ਹੋਇਆ। ਸਾਨੂੰ ਇਸ ਦਾ ਬਹੁਤ ਅਫ਼ਸੋਸ ਹੈ।
ਬੱਤਖ 3: ਹੁਣ ਤਾਂ ਝੀਲ ਦਾ ਪਾਣੀ ਵੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ।
ਸ਼ਿਵਾਨੀ : ਓਹ ਕਿਵੇਂ ?
ਬੱਤਖ 3: ਸ਼ਹਿਰ ਦੇ ਗੰਦੇ ਪਾਣੀ ਦਾ ਨਿਕਾਸ ਜੂ ਝੀਲ ਵਿਚ ਪਾ ਦਿੱਤਾ ਗਿਆ ਹੈ। ਇਸ ਗੰਦੇ ਪਾਣੀ ਵਿਚ ਘੁਲੀਆਂ ਜ਼ਹਿਰਾਂ ਨੇ ਤਾਂ ਅਨੇਕ ਮੱਛੀਆਂ ਮਾਰ ਹੀ ਦਿੱਤੀਆਂ ਨੇ।
ਸ਼ਿਵਾਨੀ: ਤੋਬਾ …..ਤੋਬਾ …..ਇਹ ਤਾਂ ਬਹੁਤ ਹੀ ਭੈੜੀ ਗੱਲ ਹੈ । ….. (ਅਰੁਣ ਵੱਲ ਦੇਖਦੇ ਹੋਏ) ਇਨ੍ਹਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ।
3
ਅਰੁਣ: (ਬੱਤਖਾਂ ਨੂੰ ਸੰਬੋਧਤ ਕਰਦੇ ਹੋਏ) ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ?
ਬੱਤਖ 2: ਸਾਡਾ ਇਕ ਸੁਝਾਅ ਹੈ।
ਅਰੁਣ ਤੇ ਸ਼ਿਵਾਨੀ: ਹਾਂ …..ਹਾਂ …..ਬੋਲੋ …..ਅਸੀਂ ਜਾਨਣਾ ਚਾਹੁੰਦੇ ਹਾਂ।
ਬੱਤਖ 2: ਆਪਣੇ ਸਕੂਲ ਦੇ ਬੱਚਿਆਂ ਨੂੰ ਕਹਿਣਾ, ਜਦੋਂ ਵੀ ਉਹ ਪਿਕਨਿਕ ਲਈ ਇਥੇ ਆਉਣ, ਜੋ ਵੀ ਕਚਰਾ ਹੋਵੇ ਕੂੜੇਦਾਨ ਵਿਚ ਪਾ ਕੇ ਜਾਣ, ਨਾ ਕਿ ਇਧਰ ਉਧਰ ਖਿਲਾਰ ਕੇ।
ਬੱਤਖ 3: ਆਪਣੇ ਮੰਮੀ-ਪਾਪਾ ਨੂੰ ਪੁੱਛਣਾ ਕਿ ਕੀ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਬੱਤਖਾਂ ਤੇ ਮੱਛੀਆਂ ਨਾਲ ਖੇਲਣ। ….. ਜੇ ਉਹ ਚਾਹੁੰਦੇ ਹਨ ਕਿ ਅਸੀਂ ਅੰਜਾਈ ਮੌਤ ਨਾ ਮਰੀਏ, ਤਾਂ ਉਨ੍ਹਾਂ ਨੂੰ ਕਹਿਣਾ ਕਿ ਉਹ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਝੀਲ ਵਿਚ ਪਾਏ ਜਾਣ ਦੇ ਵਿਰੁੱਧ ਕੋਈ ਯਤਨ ਕਰਨ ਤਾਂ ਜੋ ਅਸੀਂ ਸਾਰੇ ਜ਼ਿੰਦਾ ਰਹਿ ਸਕੀਏ।
ਬੱਤਖ 1: ਜੇ ਹਾਲਾਤ ਨਾ ਬਦਲੇ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਸਾਰੇ ਸਦਾ ਲਈ ਖਤਮ ਹੋ ਜਾਵਾਂਗੇ। ਤਦ ਨਿੱਕੇ ਬੱਚੇ, ਬੱਤਖਾਂ ਤੇ ਮੱਛੀਆਂ ਨੂੰ ਦੇਖਣ ਲਈ ਤਰਸ ਜਾਣਗੇ।
ਅਰੁਣ: ਤੁਸੀਂ ਉਦਾਸ ਨਾ ਹੋਵੋ, ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਹਰ ਮਦਦ ਕਰਾਂਗੇ। ਤੁਹਾਡਾ ਸੁਨੇਹਾ ਆਪਣੇ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੱਕ ਜ਼ਰੂਰ ਪਹੁੰਚਾਂਵਾਂਗੇ। ਤਾਂ ਜੋ ਜਲਦੀ ਤੋਂ ਜਲਦੀ ਤੁਹਾਡੀ ਮਦਦ ਹੋ ਸਕੇ।
ਸ਼ਿਵਾਨੀਾ: ਆਪਣੇ ਮੰਮੀ-ਪਾਪਾ ਨੂੰ ਵੀ ਤੁਹਾਡਾ ਸੁਨੇਹਾ ਅੱਜ ਹੀ ਦੇਵਾਂਗੇ। ਤੁਹਾਡਾ ਜੀਵਨ ਤੇ ਖੁਸ਼ੀਆਂ ਬਰਕਰਾਰ ਰੱਖਣ ਲਈ ਅਸੀਂ ਪੂਰੇ ਯਤਨ ਕਰਾਂਗੇ। ਸਾਨੂੰ ਯਕੀਨ ਹੈ ਕਿ ਅਸੀਂ ਜਲਦੀ ਹੀ ਤੁਹਾਡੇ ਲਈ ਸੁੱਖ ਦਾ ਸੁਨੇਹਾ ਲੈ ਕੇ ਆਵਾਂਗੇ। ਹੁਣ ਅਸੀਂ ਚਲਦੇ ਹਾਂ । ਬਹੁਤ ਕੁਝ ਕਰਨਾ ਜ਼ਰੂਰੀ ਵੀ ਹੈ ਅਤੇ ਜਲਦੀ ਵੀੇ। ਬਾਇ …..ਬਾਇ। (ਅਰੁਣ ਤੇ ਸ਼ਿਵਾਨੀ ਦੋਨੋਂ ਬਾਇ ਬਾਇ ਕਰਦੇ ਹਨ।)
ਸਾਰੀਆਂ ਬੱਤਖਾਂ : ਬਾਇ। ਬਾਇ। (ਆਪਣੇ ਖੰਭ ਹਿਲਾ ਹਿਲਾ ਖੁਸ਼ੀ ਜ਼ਾਹਿਰ ਕਰਦੀਆਂ ਹਨ।)
(ਅਰੁਣ ਤੇ ਸ਼ਿਵਾਨੀ ਪਾਰਕ ਵਿਚ ਖੇਲ ਰਹੇ ਬੱਚਿਆਂ ਕੋਲ ਜਾਂਦੇ ਹਨ । ਕੁਝ ਘੁਸਰ ਮੁਸਰ ਤੋਂ ਬਾਅਦ ਸਾਰੇ ਬੱਚੇ ਪਾਰਕ ਦਾ ਕਚਰਾ ਚੁੱਕ ਚੁੱਕ ਕੇ ਕੂੜੇਦਾਨ ਵਿਚ ਪਾਂਦੇ ਹਨ।)
ਸ਼ਿਵਾਨੀ: ਆਸ ਹੈ ਹੁਣ ਕੋਈ ਬੱਤਖ ਜ਼ਖਮੀ ਨਹੀਂ ਹੋਏਗੀ, ਨਾ ਹੀ ਕੋਈ ਨਿੱਕੂ ਅੰਜਾਈਂ ਮੌਤ ਮਰੇਗਾ।
ਅਰੁਣ : ਇਹ ਤਦ ਤਕ ਹੀ ਸੰਭਵ ਹੈ ਜੇ ਅਸੀਂ ਸਾਰੇ ਆਪਣਾ ਫਰਜ਼ ਸਹੀ ਢੰਗ ਨਾਲ ਨਿਭਾਉਂਦੇ ਰਹਾਂਗੇ। ਅਜੇ ਤਾਂ ਝੀਲ ਵਿਚ ਗੰਦੇ ਪਾਣੀ ਦੇ ਨਿਕਾਸ ਨੂੰ ਰੋਕਣ ਲਈ ਬਹੁਤ ਕੁਝ ਕਰਨਾ ਬਾਕੀ ਹੈ।
4
ਅਰੁਣ ਤੇ ਸ਼ਿਵਾਨੀ (ਦਰਸ਼ਕਾਂ ਨੂੰ ਸੰਬੋਧਤ ਕਰਦੇ ਹੋਏ)
ਅਰੁਣ: ਜੀਵ-ਜੰਤ ਸਾਡੇ ਸਾਥੀ ਹਨ। ਇਨ੍ਹਾਂ ਤੋਂ ਬਗੈਰ ਜੀਵਨ ਸੁੰਨ੍ਹਾਂ ਹੋ ਜਾਵੇਗਾ। ਆਉ ਰਲ ਮਿਲ ਇਨ੍ਹਾਂ ਨੂੰ ਅਜਾਈਂ ਮੌਤ ਮਰਨ ਤੋਂ ਬਚਾਈਏ। ਅਜਿਹਾ ਅਸੀਂ ਕੂੜੇ ਕਰਕੱਟ ਨੂੰ ਇਧਰ ਉਧਰ ਸੁੱਟਣ ਨਾਲੋਂ, ਕੂੜੇਦਾਨ ਵਿਚ ਸੁੱਟ ਕੇ ਸਹਿਜੇ ਹੀ ਕਰ ਸਕਦੇ ਹਾਂ। ਸਾਫ਼ ਤੇ ਸ਼ੁੱਧ ਵਾਤਾਵਰਣ ਸਾਡਾ ਸੱਭ ਦਾ ਹੱਕ ਹੈ, ਜੀਵਾਂ ਦਾ ਵੀ।
ਸ਼ਿਵਾਨੀ: (ਜੋਸ਼ ਵਿਚ ਬਾਂਹ ਉੱਚੀ ਕਰ ਕੇ ਬੋਲਦੀ ਹੈ।)
ਕੁਦਰਤ ਸਾਡੀ ਸੱਭ ਦੀ ਮਾਂ ਹੈ।
ਜੀਵ ਜੰਤਾਂ ਦੀ ਆਪਣੀ ਥਾਂ ਹੈ।
ਵਾਤਾਵਰਣ ਬਚਾਉਣਾ ਹੈ।
ਸੁਹਣਾ ਭਵਿੱਖ ਸਜਾਉਣਾ ਹੈ।
ਪਰਦਾ ਗਿਰਦਾ ਹੈ।
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …