Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਇਜਲਾਸ: ਅਕਾਲੀ ਦਲ ਲਈ ਇਮਤਿਹਾਨ ਦੀ ਘੜੀ

ਸ਼੍ਰੋਮਣੀ ਕਮੇਟੀ ਇਜਲਾਸ: ਅਕਾਲੀ ਦਲ ਲਈ ਇਮਤਿਹਾਨ ਦੀ ਘੜੀ

28 ਅਕਤੂਬਰ ਨੂੰ ਹੋਣਾ ਹੈ ਐਸਜੀਪੀਸੀ ਦਾ ਆਮ ਇਜਲਾਸ
ਅੰਮ੍ਰਿਤਸਰ : ਮੌਜੂਦਾ ਬਦਲੇ ਸਿਆਸੀ ਹਾਲਾਤ ਅਤੇ ਵਾਪਰੇ ਘਟਨਾਕ੍ਰਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਣ ਵਾਲੇ ਆਮ ਇਜਲਾਸ ਵਿੱਚ ਮੌਜੂਦਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਕੋਲ ਭਾਵੇਂ ਬਹੁਮਤ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਉਮੀਦਵਾਰ ਐਲਾਨਿਆ ਗਿਆ ਹੈ। ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਨਾਉਣ ਦਾ ਫੈਸਲਾ ਸਲਾਹ ਮਸ਼ਵਰਾ ਕਰਨ ਮਗਰੋਂ ਕੀਤਾ ਹੈ।
ਬੀਬੀ ਜਗੀਰ ਕੌਰ 2022 ਵਿੱਚ ਹੋਏ ਜਨਰਲ ਇਜਲਾਸ ਵਿੱਚ ਵੀ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ ਅਤੇ ਉਨ੍ਹਾਂ ਦੇ ਹੱਕ ਵਿੱਚ 40 ਤੋਂ ਵੱਧ ਉਮੀਦਵਾਰਾਂ ਨੇ ਵੋਟ ਪਾਈ ਸੀ। ਹੁਣ ਹਾਲਾਤ ਹੋਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਿਹਾ ਹੈ। ਅਕਾਲੀ ਦਲ ਦੇ ਨਾਰਾਜ਼ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਂ ਦਾ ਵੱਖਰਾ ਧੜਾ ਬਣਾ ਲਿਆ ਹੈ। ਇਸੇ ਸੰਕਟ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਹੋਏ ਵਿਵਾਦ ਨੇ ਅਕਾਲੀ ਦਲ ਲਈ ਹੋਰ ਵੱਡਾ ਸੰਕਟ ਪੈਦਾ ਕੀਤਾ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਵਿੱਚ ਕੁੱਲ 185 ਮੈਂਬਰਾਂ ਵਿੱਚੋਂ ਦੋ ਦਰਜਨ ਤੋਂ ਵੱਧ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਹਰਿਆਣਾ ਵਿੱਚ ਵੱਖਰੀ ਕਮੇਟੀ ਬਣਨ ਮਗਰੋਂ ਹਰਿਆਣਾ ਨਾਲ ਸਬੰਧਤ ਮੈਂਬਰ ਵੀ ਵੱਖ ਹੋ ਚੁੱਕੇ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਨ। ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਚਾਲੇ ਵਿਵਾਦ ਵਿੱਚ ਭਾਵੇਂ ਉਨ੍ਹਾਂ ਹਾਲ ਦੀ ਘੜੀ ਹਾਲਾਤ ਨੂੰ ਸਾਂਭ ਲਿਆ ਹੈ ਪਰ ਜਥੇਦਾਰਾਂ ਵਿੱਚ ਨਾਰਾਜ਼ਗੀ ਅਜੇ ਜਾਰੀ ਹੈ। ਸਿੱਖ ਸਿਆਸੀ ਮਾਹਿਰਾਂ ਮੁਤਾਬਿਕ ਇਸ ਵੇਲੇ ਦੀ ਇਹ ਸ਼ਾਂਤੀ ਆਉਣ ਵਾਲੇ ਤੂਫਾਨ ਦਾ ਸੰਕੇਤ ਹੈ।

Check Also

ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲਈ 60 ਉਮੀਦਵਾਰ ਮੈਦਾਨ

ਸਭ ਤੋਂ ਜ਼ਿਆਦਾ 20 ਉਮੀਦਵਾਰ ਗਿੱਦੜਬਾਹਾ ਸੀਟ ਤੋਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ …