ਨਵਜੋਤ ਸਿੱਧੂ ਨੇ ਮਾਲੀ ਤੇ ਗਰਗ ਨੂੰ ਕੀਤਾ ਤਲਬ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਿਵਾਦਤ ਟਿੱਪਣੀਆਂ ਤੋਂ ਬਾਅਦ ਸੂਬੇ ’ਚ ਰਾਜਨੀਤੀ ਗਰਮਾ ਗਈ ਹੈ। ਇਸਦੇ ਚੱਲਦਿਆਂ ਨਵਜੋਤ ਸਿੱਧੂ ਨੇ ਆਪਣੇ ਦੋਵੇਂ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਤੇ ਡਾ.ਪਿਆਰੇ ਲਾਲ ਗਰਗ ਨੂੰ ਤਲਬ ਕਰ ਲਿਆ ਹੈ। ਇਨ੍ਹਾਂ ਦੋਵੇਂ ਸਲਾਹਕਾਰਾਂ ਨੇ ਪਾਕਿਸਤਾਨ ਅਤੇ ਕਸ਼ਮੀਰ ’ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਇਨ੍ਹਾਂ ਦੀ ਕਿਰਕਿਰੀ ਵੀ ਹੋਈ। ਮਾਲੀ ਨੇ ਮਰਹੂਮ ਪੀਐੱਮ ਇੰਦਰਾ ਗਾਂਧੀ ਦਾ ਵਿਵਦਾਤ ਪੋਸਟਰ ਵੀ ਆਪਣੇ ਫੇਸਬੁੱਕ ਪੇਜ ’ਤੇ ਲਾਇਆ ਸੀ।
ਨਵਜੋਤ ਸਿੱਧੂ ਦੇ ਸਲਾਹਕਾਰਾਂ ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਦੇ ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖ਼ਤ ਨੋਟਿਸ ਲਿਆ। ਕੈਪਟਨ ਨੇ ਕਿਹਾ ਕਿ ਇਨ੍ਹਾਂ ਟਿੱਪਣੀਆਂ ਤੋਂ ਸੂਬੇ ਦੇ ਨਾਲ-ਨਾਲ ਦੇਸ਼ ਦੀ ਸ਼ਾਂਤੀ ਤੇ ਸਥਿਰਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਕੈਪਟਨ ਨੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤਕ ਸੀਮਿਤ ਰੱਖਣ ਦੀ ਨਸੀਹਤ ਦਿੱਤੀ। ਇਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋਵੇਂ ਸਲਾਹਕਾਰਾਂ ਨੂੰ ਤਲਬ ਕੀਤਾ ਹੈ।
ਕੈਪਟਨ ਅਮਰਿੰਦਰ ਹੋਰਾਂ ਕਿਹਾ ਕਿ ਚੁਫੇਰਿਓਂ ਨਿੰਦਾ ਹੋਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ। ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਵੀ ਤਰਕਹੀਣ ਅਤੇ ਨਾ-ਵਾਜਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫ਼ੌਜੀ ਸਰਹੱਦਾਂ ’ਤੇ ਪਾਕਿਸਤਾਨ ਦੀ ਹਮਾਇਤ ਹਾਸਲ ਤਾਕਤਾਂ ਹੱਥੋਂ ਜਾਨਾਂ ਗੁਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗਰਗ ਰਾਜਨੀਤੀ ਤੋਂ ਪ੍ਰੇਰਿਤ ਭੜਕਾਊ ਤੇ ਗੈਰ-ਜ਼ਿੰਮੇਵਾਰੀ ਵਾਲੇ ਬਿਆਨ ਦੇ ਰਹੇ ਹਨ।