ਸਿਰਫ਼ ਇਕ ਉਂਗਲੀ ਨਾਲ ਸਭ ਤੋਂ ਤੇਜ਼ ਰਫਤਾਰ ਨਾਲ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ
ਚੰਡੀਗੜ੍ਹ ਦੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਹੈ ਵਿਦਿਆਰਥਣ
ਚੰਡੀਗੜ੍ਹ/ਬਿਊਰੋ ਨਿਊਜ਼
ਰਾਧਿਕਾ ਸ਼ਰਮਾ ਨੇ ਟੱਚਸਕਰੀਨ ਮੋਬਾਈਲ ਫੋਨ ਉਪਰ ਹੱਥ ਦੀ ਸਿਰਫ਼ ਇਕ ਉਂਗਲੀ ਨਾਲ ਏ ਤੋਂ ਜ਼ੈਡ ਤੱੱਕ ਅੰਗਰੇਜ਼ੀ ਵਰਣਮਾਲਾ ਸਭ ਤੋਂ ਤੇਜ਼ ਰਫਤਾਰ ਅਤੇ ਸਭ ਤੋਂ ਘੱਟ ਸਮੇਂ 4.57 ਸੈਕਿੰਡ ਵਿਚ ਟਾਈਪ ਕਰਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਰਾਧਿਕਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ਟਾਊਨ (ਰਾਮਪੁਰਾ ਫੂਲ) ਨਾਲ ਸਬੰਧਿਤ ਹੈ ਅਤੇ ਉਹ ਚੰਡੀਗੜ੍ਹ ਦੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਹਾਲਾਂਕਿ ਉਸਨੇ ਇਹ ਰਿਕਾਰਡ 15 ਜਨਵਰੀ 2023 ਨੂੰ ਬਣਾ ਲਿਆ ਸੀ, ਲੇਕਿਨ ਗਿੰਨੀਜ਼ ਵਰਲਡ ਰਿਕਾਰਡ ਦੀ ਰਿਕਾਰਡ ਮੈਨੇਜਮੈਂਟ ਟੀਮ ਵਲੋਂ ਪੂਰੇ ਤਕਨੀਕੀ ਮੁਲਾਂਕਣ ਤੋਂ ਬਾਅਦ 6 ਜੂਨ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਉਪਰ ਇਹ ਰਿਕਾਰਡ ਕਾਇਮ ਹੋਣ ਦਾ ਰਸਮੀਂ ਐਲਾਨ ਕਰ ਦਿੱਤਾ।
ਰਾਧਿਕਾ ਨੇ ਯੂਨਾਈਟਿਡ ਅਰਬ ਅਮੀਰਾਤ ਦੇ ਮਿਕਾਇਲ ਫਿਰਾਜ਼ ਦੇ ਗਿੰਨੀਜ਼ ਵਰਲਡ ਰਿਕਾਰਡ ਨੂੰ ਤੋੜਿਆ ਹੈ। ਰਾਧਿਕਾ ਸ਼ਰਮਾ ਨੇ ਇਹ ਵਿਲੱਖਣ ਗਿੰਨੀਜ਼ ਵਰਲਡ ਰਿਕਾਰਡ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ, ਜੋ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਤਾਇਨਾਤ ਹਨ। ਰਾਧਿਕਾ ਦੇ ਪਿਤਾ ਗੌਤਮ ਰਿਸ਼ੀ ਅਤੇ ਮਾਂ ਮਨਪ੍ਰੀਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਬਹੁਤ ਹੀ ਸਮਝਦਾਰ ਲੜਕੀ ਹੈ ਅਤੇ ਹਮੇਸ਼ਾ ਨਵਾਂ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੀ ਹੈ। ਰਾਧਿਕਾ ਸ਼ਰਮਾ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਦੀ ਇੱਕ ਹੋਣਹਾਰ ਅਤੇ ਬਹੁਪੱਖੀ ਪ੍ਰਤਿਭਾ ਵਾਲੀ ਵਿਦਿਆਰਥਣ ਹੈ, ਜਿਥੇ ਉਹ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਅਕਸਰ ਭਾਗ ਲੈਂਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਰਾਧਿਕਾ ਦੇ ਇਸ ਵਿਲੱਖਣ ਕਾਰਨਾਮੇ ਨਾਲ ਪਰਿਵਾਰ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਰਾਧਿਕਾ ਸ਼ਰਮਾ ਬਠਿੰਡਾ ਜਿਲ੍ਹੇ ਦੀ ਪਹਿਲੀ ਲੜਕੀ ਹੈ, ਜਿਸਨੇ ਗਿੰਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕੀਤਾ ਹੈ। ਉਸਦੇ ਦਾਦਾ ਬਲਬੀਰ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੋਣਹਾਰ ਪੋਤਰੀ ਦੀ ਇਸ ਕੋਸ਼ਿਸ਼ ਨਾਲ ਰਾਮਪੁਰਾ ਫੂਲ ਸ਼ਹਿਰ ਦਾ ਨਾਮ ਇਸ ਵਿਸ਼ਵ ਪ੍ਰਸਿੱਧ ਰਿਕਾਰਡ ਵਿਚ ਚਮਕਿਆ ਹੈ ਅਤੇ ਸਮੁੱਚੇ ਸ਼ਹਿਰ ਤੇ ਜੱਦੀ ਨਗਰ ਫੂਲ ਲਈ ਮਾਣ ਵਾਲੀ ਗੱਲ ਹੈ।