ਕੇਂਦਰ ਸਰਕਾਰ ਸਾਜਿਸ਼ ਤਹਿਤ ਇਤਿਹਾਸ ਮਿਟਾਉਣ ਲੱਗੀ : ਜਸਵੰਤ ਸਿੰਘ ਰੰਧਾਵਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਜੱਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿੱਚ ਕਰਵਾਏ ਗਏ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਵੀਨੀਕਰਨ ਦੇ ਨਾਂ ਹੇਠ ਬਦਲਿਆ ਗਿਆ ਜੱਲ੍ਹਿਆਂਵਾਲਾ ਬਾਗ ਦਾ ਸਰੂਪ ਮਨਜ਼ੂਰ ਨਹੀਂ ਹੈ। ਬਾਗ ਦੀ ਮੂਲ ਸਰੂਪ ਦੀ ਬਹਾਲੀ ਲਈ ਉਨ੍ਹਾਂ ਸੰਘਰਸ਼ ਦਾ ਸੱਦਾ ਦਿੱਤਾ।
ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਜਨੀਅਰ ਜਸਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਇਤਿਹਾਸ ਸੌਖਾ ਨਹੀਂ ਬਣਦਾ। ਇਸ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ।
ਕੌਮਾਂ ਇਤਿਹਾਸ ਤੋਂ ਹਮੇਸ਼ਾ ਪ੍ਰੇਰਨਾ ਲੈਂਦੀਆਂ ਰਹੀਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਸਾਜਿਸ਼ ਤਹਿਤ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹੁਸ਼ਿਆਰ ਸਿੰਘ ਪੰਧੇਰ ਨੇ ਇਤਿਹਾਸਕ ਸਥਾਨ ਦੇ ਮੂਲ ਸਰੂਪ ਦੀ ਬਹਾਲੀ ਲਈ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ। ਪਰਮਜੀਤ ਸਿੰਘ ਚਾਟੀਵਿੰਡ, ਸਰਬਜੀਤ ਸਿੰਘ ਅਤੇ ਹਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦਾ ਇਤਿਹਾਸ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ ਤੇ ਜੇ ਇਹ ਹੀ ਨਾ ਰਿਹਾ ਤਾਂ ਸਾਡੇ ਕੋਲ ਕੀ ਬਚੇਗਾ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਬਾਗ ਦੇ ਬਾਹਰ ਜਾਣ ਵਾਲਾ ਰਸਤਾ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲਾ ਹੈ। ਬਾਗ ਵਿਚ ਹਿੰਦੂ-ਸਿੱਖ-ਮੁਸਲਿਮ ਏਕਤਾ ਦੀ ਗੱਲ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲਾਂ ਵਾਲਾ ਬਾਗ ਹੀ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਦੀਆਂ ਸੋਚੀਆਂ ਸਮਝੀਆਂ ਸਾਜਿਸ਼ਾਂ ਦੇਸ਼ ਨੂੰ ਤਬਾਹ ਕਰ ਰਹੀਆਂ ਹਨ, ਜਿਸ ਸਬੰਧੀ ਜਾਗ੍ਰਿਤੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਸੈਮੀਨਾਰ ਦੇ ਪ੍ਰਬੰਧਕ ਰਮੇਸ਼ ਯਾਦਵ ਨੇ ਕਿਹਾ ਕਿ ਬਾਗ ਦੇ ਇਤਿਹਾਸਕ ਸਰੂਪ ਲਈ ਵੱਡੇ ਪੱਧਰ ‘ਤੇ ਆਵਾਜ਼ ਚੁੱਕਣੀ ਸਮੇਂ ਦੀ ਮੰਗ ਹੈ। ਸੈਮੀਨਾਰ ਨੂੰ ਲਖਬੀਰ ਸਿੰਘ ਝਾਮਕਾ, ਡਾ. ਇਕਬਾਲ ਕੌਰ ਸੌਂਧ ਅਤੇ ਵਿਜੈ ਮਿਸ਼ਰਾ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਭੁਪਿੰਦਰ ਸਿੰਘ ਸੰਧੂ ਨੇ ਕੀਤਾ।
ਬਾਗ ਦੀ ਰੂਹ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ: ਪ੍ਰੋ. ਜਗਮੋਹਨ
ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਬਾਗ ਦੀ ਰੂਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਪਸੀ ਏਕਤਾ ਨਾਲ ਮੁੜ ਤਬਦੀਲੀ ਲਿਆਂਦੀ ਜਾ ਸਕਦੀ ਹੈ ਕਿਉਂਕਿ ਸਾਮਰਾਜ ਦੀ ਸਭ ਤੋਂ ਵੱਡੀ ਕਮਜ਼ੋਰੀ ਲੋਕਾਂ ਦੀ ਸਾਂਝ ਹੀ ਹੁੰਦੀ ਹੈ, ਜਿਸ ਨੂੰ ਹਮੇਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …