Breaking News
Home / ਪੰਜਾਬ / ਪੰਜਾਬ ਵਿੱਚ ਸੈਰ-ਸਪਾਟਾ ਸਨਅਤ ਵਿਕਸਤ ਕਰਾਂਗੇ: ਭਗਵੰਤ ਮਾਨ

ਪੰਜਾਬ ਵਿੱਚ ਸੈਰ-ਸਪਾਟਾ ਸਨਅਤ ਵਿਕਸਤ ਕਰਾਂਗੇ: ਭਗਵੰਤ ਮਾਨ

ਅੰਮ੍ਰਿਤਸਰ ‘ਚ ਸਨਅਤਕਾਰਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਕੀਤਾ ਹੈ। ਮੁਹਾਲੀ ਵਿੱਚ ਹੋਣ ਵਾਲੇ ‘ਨਿਵੇਸ਼ ਪੰਜਾਬ ਸੰਮੇਲਨ’ ਦੀਆਂ ਤਿਆਰੀਆਂ ਵਜੋਂ ਸਨਅਤਕਾਰਾਂ ਨਾਲ ਮੀਟਿੰਗ ਕਰਨ ਲਈ ਮੁੱਖ ਮੰਤਰੀ ਅੰਮ੍ਰਿਤਸਰ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਇਸ ਖੇਤਰ ਵਿਚਲੀਆਂ ਅਥਾਹ ਸੰਭਾਵਨਾਵਾਂ ਦਾ ਪੂਰਾ ਲਾਹਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ, ਚੋਹਾਲ ਡੈਮ, ਨੂਰਪੁਰ ਬੇਦੀ ਆਦਿ ਨੂੰ ਆਧੁਨਿਕ ਸੈਰਗਾਹਾਂ ਵਜੋਂ ਵਿਕਸਤ ਕਰਨ ਲਈ ਠੋਸ ਤਜਵੀਜ਼ ਲਿਆਂਦੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੈਰ-ਸਪਾਟੇ ਪੱਖੋਂ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਸਥਾਨਕ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਸਨਅਤਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਉੱਦਮੀਆਂ ਨੂੰ ਆਖਿਆ ਕਿ ਉਹ ਕਿਧਰੇ ਹੋਰ ਜਾਣ ਦੀ ਥਾਂ ਆਪਣੀ ਧਰਤੀ ਦੀ ਸੇਵਾ ਲਈ ਇੱਥੇ ਹੀ ਕਾਰੋਬਾਰ ਕਰਨ, ਜਿਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਪ੍ਰਾਜੈਕਟਾਂ ਦੀ ਛੇਤੀ ਪ੍ਰਵਾਨਗੀ ਦੇਣ ਲਈ ਬਹੁਤ ਛੇਤੀ ਅਸ਼ਟਾਮ ਪੇਪਰਾਂ ਲਈ ਕਲਰ ਕੋਡਿੰਗ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਉਦਯੋਗ ਦੀ ਸਹੂਲਤ ਲਈ ਆਦਮਪੁਰ, ਹਲਵਾਰਾ ਤੇ ਭਿਸੀਆਣਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੈਦਾ ਹੋਣ ਵਾਲੀ ਕੁੱਲ ਬਾਸਮਤੀ ਦੀ 80 ਫੀਸਦੀ ਪੈਦਾਵਾਰ ਪੰਜਾਬ ਵਿੱਚ ਹੁੰਦੀ ਹੈ।
ਇਸ ਹੇਠ ਰਕਬਾ ਵਧਾ ਕੇ ਉਤਪਾਦਨ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਇਸ ਨਾਲ ਉਦਯੋਗਿਕ ਖੇਤਰ ਤੇ ਕਿਸਾਨਾਂ ਨੂੰ ਲਾਭ ਹੋਣ ਦੇ ਨਾਲ ਪਾਣੀ ਦੀ ਬੱਚਤ ਹੋਵੇਗੀ।
ਸਨਅਤਕਾਰਾਂ ਵੱਲੋਂ ਗੁਆਂਢੀ ਸੂਬਿਆਂ ਵਾਂਗ ਟੈਕਸ ਸਹੂਲਤਾਂ ਦੇ ਸੁਝਾਅ
ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਦੇ ਸਨਅਤਕਾਰਾਂ ਨਾਲ ‘ਨਿਵੇਸ਼ ਪੰਜਾਬ ਸੰਮੇਲਨ’ ਬਾਰੇ ਚਰਚਾ ਕੀਤੀ ਅਤੇ ਸਨਅਤ ਨੂੰ ਹੁਲਾਰਾ ਦੇਣ ਲਈ ਸੁਝਾਅ ਮੰਗੇ। ਇਹ ਸਮਾਗਮ ਚੈਂਬਰ ਆਫ ਇੰਡਸਟਰੀਜ਼ ਵੱਲੋਂ ਕਰਵਾਇਆ ਗਿਆ। ਪਠਾਨਕੋਟ ਚੈਂਬਰ ਆਫ ਕਾਮਰਸ ਦੇ ਜਨਰਲ ਸਕੱਤਰ ਅਜੈ ਤ੍ਰੇਹਨ, ਪ੍ਰਧਾਨ ਰਾਕੇਸ਼ ਗੁਪਤਾ ਤੇ ਵਿੱਤ ਸਕੱਤਰ ਰਾਜੇਸ਼ ਮਹਾਜਨ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਸਨਅਤਕਾਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਹਨ। ਜੇ ਪੰਜਾਬ ਸਰਕਾਰ ਪਠਾਨਕੋਟ ਜ਼ਿਲ੍ਹੇ ਵਿੱਚ ਸਨਅਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਤਾਂ ਇਨ੍ਹਾਂ ਸੂਬਿਆਂ ਵਰਗੀਆਂ ਟੈਕਸ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।

Check Also

ਸੰਯੁਕਤ ਕਿਸਾਨ ਮੋਰਚਾ 14 ਮਾਰਚ ਨੂੰ ਦਿੱਲੀ ’ਚ ਕਰੇਗਾ ਮਹਾਂਪੰਚਾਇਤ

ਲੁਧਿਆਣਾ ’ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ’ਚ ਲਿਆ ਗਿਆ ਫੈਸਲਾ ਲੁਧਿਆਣਾ/ਬਿਊਰੋ ਨਿਊਜ਼ …