ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਦੱਸਿਆ ਖਤਰਨਾਕ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਭਾਜਪਾ ਆਗੂ ਪ੍ਰਵੇਸ਼ ਵਰਮਾ ਵਲੋਂ ਦਿੱਤੇ ਗਏ ਬਿਆਨ ਦੀ ਆਮ ਆਦਮੀ ਪਾਰਟੀ ਵਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਬੇਹੱਦ ਖਤਰਨਾਕ ਦੱਸਿਆ ਹੈ। ਧਿਆਨ ਰਹੇ ਕਿ ਪ੍ਰਵੇਸ਼ ਵਰਮਾ ਨੇ ਦਿੱਲੀ ਵਿਚ ਪੰਜਾਬ ਦੀਆਂ ਗੱਡੀਆਂ ਨੂੰ ਸ਼ੱਕੀ ਦੱਸਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਕਿ ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਜਾਂਦੇ ਹਨ ਅਤੇ ਇੱਥੇ ਹਰ ਸੂਬੇ ਦੇ ਨੰਬਰਾਂ ਵਾਲੇ ਵਾਹਨ ਵੀ ਚੱਲਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪ੍ਰਵੇਸ ਵਰਮਾ ਦਾ ਬਿਆਨ ਬਹੁਤ ਹੀ ਖਤਰਨਾਕ, ਚਿੰਤਾਜਨਕ ਅਤੇ ਪੰਜਾਬੀਆਂ ਲਈ ਅਪਮਾਨਜਨਕ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪ੍ਰਵੇਸ਼ ਵਰਮਾ ਦੇ ਅਪਮਾਨਜਨਕ ਬਿਆਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਕੋਲੋਂ ਮੁਆਫੀ ਮੰਗੇ।