Breaking News
Home / ਪੰਜਾਬ / ਕਰੋਨਾ ਤੋਂ ਸ਼ਾਇਦ ਬਚ ਜਾਈਏ ਪਰ ਭੁੱਖ ਨਾਲ ਪੱਕਾ ਮਰ ਜਾਵਾਂਗੇ

ਕਰੋਨਾ ਤੋਂ ਸ਼ਾਇਦ ਬਚ ਜਾਈਏ ਪਰ ਭੁੱਖ ਨਾਲ ਪੱਕਾ ਮਰ ਜਾਵਾਂਗੇ

ਜਲੰਧਰ/ਬਿਊਰੋ ਨਿਊਜ਼ : ਦੇਸ਼ ਭਰ ਵਿੱਚ ਲਾਗੂ ਹੋਏ ਲੌਕਡਾਊਨ ਕਾਰਨ ਸਭ ਤੋਂ ਵੱਧ ਮਾਰ ਗਰੀਬਾਂ ਤੇ ਖ਼ਾਸ ਕਰ ਕੇ ਪਰਵਾਸੀ ਮਜ਼ਦੂਰਾਂ ਨੂੰ ਪੈ ਰਹੀ ਹੈ। ਗਰੀਬਾਂ ਤੱਕ ਤਾਂ ਖਾਣਾ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਸੇਵੀ ਜੱਥੇਬੰਦੀਆਂ ਪਹੁੰਚਾ ਵੀ ਰਹੀਆਂ ਹਨ ਪਰ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਤਾਂ ਪੈਦਲ ਹੀ ਆਪਣੇ ਘਰਾਂ ਨੂੰ ਚੱਲ ਪਏ ਹਨ। ਇਨ੍ਹਾਂ ਮਜ਼ਦੂਰਾਂ ਨੇ ਜਿੱਥੇ ਆਪਣੇ ਮੋਢਿਆ ‘ਤੇ ਘਰੇਲੂ ਸਾਮਾਨ ਚੁੱਕਿਆ ਹੋਇਆ ਹੈ ਉਥੇ ਆਪਣੇ ਦੁੱਧ ਚੁੰਘਦੇ ਬੱਚੇ ਵੀ ਕੁੱਛੜ ਚੁੱਕੇ ਹੋਏ ਹਨ। ਬੱਸਾਂ ਅਤੇ ਰੇਲ ਗੱਡੀਆਂ ਬੰਦ ਹੋਣ ਕਾਰਨ ਇਨ੍ਹਾਂ ਮਜ਼ਦੂਰਾਂ ਕੋਲ ਆਪਣੇ ਜੱਦੀ ਘਰਾਂ ਨੂੰ ਪਰਤਣ ਲਈ ਨਾ ਤਾਂ ਕੋਈ ਸਾਧਨ ਹੈ ਤੇ ਨਾ ਹੀ ਪੈਸੇ ਹਨ। ਭੁੱਖ ਨੇ ਪਹਿਲਾਂ ਹੀ ਏਨਾ ਦਾ ਬੁਰਾ ਹਾਲ ਕੀਤਾ ਹੋਇਆ ਸੀ। ਪਿਛਲੇ ਐਤਵਾਰ ਤੋਂ ਲੱਗੇ ਕਰਫਿਊ ਨੇ ਸਭ ਤੋਂ ਵੱਧ ਪਰਵਾਸੀ ਮਜ਼ਦੂਰ ਨੂੰ ਨੁਕਸਾਨ ਪਹੁੰਚਾਇਆ ਹੈ।ਇਥੇ ਕੰਮ ਤੇ ਰੋਜ਼ੀ ਰੋਟੀ ਦਾ ਕੋਈ ਸਾਧਨ ਨਾ ਹੋਣ ਕਾਰਨ ਇਨ੍ਹਾਂ ਕਾਮਿਆਂ ਨੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਜੱਦੀ ਸੂਬਿਆਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ। ਤਿੱਖੀ ਧੁੱਪ ਦੇ ਬਾਵਜੂਦ ਰਾਜਸਥਾਨ ਨੂੰ ਜਾ ਰਹੀਆਂ ਔਰਤਾਂ ਕੋਲ ਜਿੱਥੇ ਸਾਮਾਨ ਫੜਿਆ ਹੋਇਆ ਸੀ ਉਥੇ ਉਨ੍ਹਾਂ ਕੱਪੜਿਆਂ ਦੀਆਂ ਝੋਲੀਆਂ ਬਣਾ ਕੇ ਛੋਟੇ ਬੱਚਿਆਂ ਨੂੰ ਉਸ ਵਿੱਚ ਪਾਇਆ ਹੋਇਆ ਸੀ। ਵੇਰਕਾ ਮਿਲਕ ਪਲਾਂਟ ਨੇੜੇ ਛੋਟੇ-ਛੋਟੇ ਬੱਚਿਆਂ ਵੀ ਆਪਣੇ ਮਾਪਿਆਂ ਨਾਲ ਪੈਦਲ ਜਾ ਰਹੇ ਸਨ। ਉਨ੍ਹਾਂ ਦੇ ਪੈਰਾਂ ‘ਤੇ ਛਾਲੇ ਪਏ ਹੋਏ ਸਨ ਜਿਨ੍ਹਾਂ ਨੇ ਕਦੇ ਵੀ ਏਸ ਬਾਲ ਉਮਰ ਵਿੱਚ ਏਨਾ ਪੈਂਡਾ ਕਦੇ ਨਹੀਂ ਸੀ ਤੁਰਿਆ। ਸੂਰਾਨੁੱਸੀ ਇਲਾਕੇ ਰਹਿਣ ਵਾਲੇ ਮਜ਼ਦੂਰ ਨੈਸ਼ਨਲ ਹਾਈਵੇਅ ‘ਤੇ ਤੁਰੇ ਜਾ ਰਹੇ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਨਾਲ ਤਾਂ ਸ਼ਾਇਦ ਹੀ ਉਹ ਮਰਨ ਪਰ ਭੁੱਖ ਨਾਲ ਜ਼ਰੂਰ ਮਰ ਜਾਣਗੇ ਜੇ ਉਨ੍ਹਾਂ ਨੂੰ ਤੇ ਬੱਚਿਆਂ ਨੂੰ ਸਮੇਂ ਸਿਰ ਖਾਣਾ ਨਾ ਮਿਲਿਆ। ਕਈ ਮਜ਼ਦੂਰਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਢਿੱਡ ਭਰਨ ਲਈ ਰਾਸ਼ਨ ਨਾ ਮਿਲਣ ਕਰ ਕੇ ਉਹ ਉੱਤਰ ਪ੍ਰਦੇਸ਼ ਵਿੱਚ ਆਪਣੇ ਸ਼ਹਿਰ ਮੇਰਠ ਵਾਪਸ ਜਾਣ ਲਈ ਮਜਬੂਰ ਹਨ। ਉਹ ਨਹੀਂ ਜਾਣਦੇ ਕਿ ਕਦੋਂ ਆਪਣੇ ਘਰ ਪਹੁੰਚਣਗੇ। ਇਹ ਵੀ ਕੋਈ ਪਤਾ ਨਹੀਂ ਕਿ ਭੁੱਖ ਨਾਲ ਰਸਤੇ ਵਿੱਚ ਹੀ ਦਮ ਤੋੜ ਦੇਣਗੇ। ਰਾਮ ਗੋਪਾਲ ਯਾਦਵ ਨਾਂਅ ਦੇ ਇਸ ਮਜ਼ਦੂਰ ਨਾਲ ਉਸ ਦੀ ਪਤਨੀ ਤੇ ਪੰਜ ਬੱਚੇ ਸਨ ਤੇ ਦੋ-ਤਿੰਨ ਜਣੇ ਉਸ ਦੇ ਪਿੰਡ ਦੇ ਲੋਕ ਸਨ ਜਿਹੜੇ ਇੱਥੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ। ਇਸ ਪਰਿਵਾਰ ਦਾ ਕਹਿਣਾ ਸੀ ਕਿ ਉਹ ਨਹੀਂ ਜਾਣਦੇ ਕਿ ਇਹ ਬੀਮਾਰੀ ਕਿੱਥੋਂ ਆਈ ਹੈ ਪਰ ਉਨ੍ਹਾਂ ਦਾ ਕੋਈ ਇੰਤਜ਼ਾਮ ਕੀਤੇ ਬਿਨ੍ਹਾ ਹੀ ਪ੍ਰਧਾਨ ਮੰਤਰੀ ਨੇ ਸਾਰਾ ਕੁਝ ਬੰਦ ਕਰ ਦਿੱਤਾ ਹੈ ਪਰ ਹੁਣ ਉਹ ਆਪਣਾ ਟੱਬਰ ਕਿਸ ਤਰ੍ਹਾਂ ਪਾਲਣਗੇ। ਪਿੰਡ ਜ਼ਮੀਨ ਤਾਂ ਹੈ ਪਰ ਉਸ ‘ਤੇ ਖੇਤੀ ਕਰਨ ਦੇ ਸਾਧਨ ਨਹੀਂ ਹਨ। ਇਸ ਪਰਿਵਾਰ ਦਾ ਕਹਿਣਾ ਸੀ ਕਿ ਕਈ ਪਰਵਾਸੀ ਮਜ਼ਦੂਰਾਂ ਨੇ ਤਾਂ ਪੱਕੇ ਤੌਰ ‘ਤੇ ਪੰਜਾਬ ਵਿੱਚ ਹੀ ਆਪਣੇ ਘਰ ਬਣਾਏ ਹੋਏ ਹਨ ਪਰ ਜਿਹੜੇ ਕਿਰਾਏ ‘ਤੇ ਰਹਿੰਦੇ ਹਨ ਉਨ੍ਹਾਂ ਲਈ ਰਹਿਣਾ ਔਖਾ ਹੋਇਆ ਪਿਆ ਹੈ। ਪੇਂਡੂ ਇਲਾਕਿਆਂ ਵਿੱਚ ਆਲੂ ਪੁਟਣ ਲਈ ਵੀ ਲੇਬਰ ਵੱਡੇ ਪੱਧਰ ‘ਤੇ ਆਈ ਹੋਈ ਹੈ। ਇਸ ਵਿੱਚੋਂ ਬਹੁਤੀ ਤਾਂ ਪੰਜਾਬ ਦੇ ਹੀ ਵੱਖ-ਵੱਖ ਜ਼ਿਲ੍ਹਿਆਂ ਦੀ ਹੈ ਪਰ ਜਿਹੜੀ ਦੂਜੇ ਸੂਬਿਆਂ ਤੋਂ ਆਈ ਹੈ ਉਹ ਵੀ ਵਾਪਸ ਜਾਣ ਲਈ ਕਾਹਲੀ ਪੈ ਰਹੀ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …