ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 58 ਦਿਨ
ਪਟਿਆਲਾ/ਬਿਊਰੋ ਨਿਊਜ਼
ਖਨੌਰੀ ਬਾਰਡਰ ’ਤੇ ਉਸ ਸਮੇਂ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ, ਜਦੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਨਾਂਹ ਕਰ ਦਿੱਤੀ। ਜਾਣਕਾਰੀ ਮਿਲਣ ਸਾਰ ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ ਕਰਕੇ ਉਸਦੀ ਭਾਸ਼ਾ ਸਮਝ ਨਹੀਂ ਆਈ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਨੂੰ ਨਾਂਹ ਕੀਤੀ ਸੀ। ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਲਈ ਹਾਮੀ ਭਰ ਦਿੱਤੀ। ਮੋਰਚੇ ਦੇ ਪ੍ਰਮੁੱਖ ਆਗੂ ਕਾਕਾ ਸਿੰਘ ਕੋਟੜਾ ਨੇ ਇਸ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਹੈ ਕਿ ਜੇਕਰ ਸਰਕਾਰੀ ਡਾਕਟਰ ਡੱਲੇਵਾਲ ਦਾ ਇਲਾਜ ਕਰਨ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਕਿ ਪ੍ਰਾਈਵੇਟ ਡਾਕਟਰਾਂ ਦਾ ਪ੍ਰਬੰਧ ਕੀਤਾ ਜਾ ਸਕੇ। ਧਿਆਨ ਰਹੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 58ਵੇਂ ਦਿਨ ਵੀ ਜਾਰੀ ਰਿਹਾ।