![](https://parvasinewspaper.com/wp-content/uploads/2024/02/Bus-300x165.jpg)
ਬੱਸ ਅੱਡਿਆਂ ’ਤੇ ਸਵਾਰੀਆਂ ਤੇ ਡਰਾਈਵਰਾਂ ਵਿਚਾਲੇ ਤਕਰਾਰ ਵਧੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਡਰਾਈਵਰਾਂ ਤੇ ਕੰਡਕਟਰਾਂ ਵਲੋਂ ਬੱਸਾਂ ਵਿਚ 52 ਤੋਂ ਵੱਧ ਸਵਾਰੀਆਂ ਨਾ ਚੜ੍ਹਾਏ ਜਾਣ ਦੇ ਫੈਸਲੇ ਨੇ ਸਵਾਰੀਆਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਮੁਲਾਜ਼ਮ ਯੂਨੀਅਨਾਂ ਦੇ ਇਸ ਫੈਸਲੇ ਤੋਂ ਬਾਅਦ ਸਵੇਰੇ-ਸਵੇਰੇ ਨੌਕਰੀਪੇਸ਼ਾ ਤੇ ਹੋਰ ਕੰਮਕਾਰ ਲਈ ਜਾਣ ਵਾਲੇ ਲੋਕਾਂ ਨੂੰ ਹੁਣ ਕਈ-ਕਈ ਘੰਟੇ ਸੜਕਾਂ ’ਤੇ ਖੁਆਰ ਹੋਣਾ ਪੈ ਰਿਹਾ ਹੈ। ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਸਰਕਾਰੀ ਬੱਸਾਂ ਨਾਲ ਸਬੰਧਤ ਮੁਲਾਜ਼ਮ ਯੂਨੀਅਨਾਂ ਵਲੋਂ ਅਜਿਹਾ ਫੈਸਲਾ ਲਿਆ ਗਿਆ ਹੈ। ਇਸਦੇ ਚੱਲਦਿਆਂ 52 ਤੋਂ ਵੱਧ ਸਵਾਰੀਆਂ ਨਾ ਚੜ੍ਹਾਏ ਜਾਣ ਕਾਰਨ ਕਈ ਥਾਈਂ ਬੱਸ ਚਾਲਕਾਂ ਤੇ ਕੰਡਕਟਰਾਂ ਨਾਲ ਲੋਕਾਂ ਦੀ ਤਕਰਾਰ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਕਈ ਥਾਈਂ ਲੋਕਾਂ ਵੱਲੋਂ ਜਬਰੀ ਬੱਸਾਂ ਰੋਕੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਅਜਿਹੇ ਮਾਹੌਲ ਵਿੱਚ ਸਰਕਾਰ ਖਿਲਾਫ ਲੋਕਾਂ ਵਿੱਚ ਰੋਹ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਫੌਰੀ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਉਕਤ ਮਸਲੇ ਸਬੰਧੀ ਪੀਆਰਟੀਸੀ ਦੇ ਐੱਮਡੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਯੂਨੀਅਨਾਂ ਨਾਲ ਮੀਟਿੰਗਾਂ ਕਰਕੇ ਜਲਦੀ ਮਸਲੇ ਦਾ ਹੱਲ ਕਰਨ ਲਈ ਕਿਹਾ ਗਿਆ ਹੈ।