
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਦਿੱਲੀ ਸਥਿਤ ਯਸ਼ੋਭੂਮੀ ’ਚ ਇੰਡੀਆ ਮੋਬਾਇਲ ਕਾਂਗਰਸ (ਆਈ.ਐਮ.ਸੀ.) 2025 ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਹ ਏਸ਼ੀਆ ਦਾ ਸਭ ਤੋਂ ਵੱਡਾ ਟੈਲੀਕਾਮ, ਮੀਡੀਆ ਅਤੇ ਟੈਕਨਾਲੋਜੀ ਈਵੈਂਟ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮਾਗਮ ’ਚ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ‘ਮੇਕ ਇਨ ਇੰਡੀਆ’ ਦੀ ਗੱਲ ਕੀਤੀ ਸੀ ਤਾਂ ਕੁਝ ਲੋਕ ਇਸਦਾ ਮਜ਼ਾਕ ਉਡਾਉਂਦੇ ਸਨ। ਪੀਐਮ ਨੇ ਕਿਹਾ ਕਿ ਜੋ ਦੇਸ਼ ਕਦੀ 2ਜੀ ਲਈ ਸੰਘਰਸ਼ ਕਰਦਾ ਸੀ, ਅੱਜ ਉਸ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ 5ਜੀ ਪਹੁੰਚ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਭਾਰਤ ’ਚ 1ਜੀਬੀ ਵਾਇਰਲੈਸ ਡੈਟਾ ਦੀ ਕੀਮਤ ਚਾਹ ਦੇ ਇਕ ਕੱਪ ਤੋਂ ਵੀ ਘੱਟ ਹੈ। ਪੀਐਮ ਨੇ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਅਤੇ 5ਜੀ ਮਾਰਕੀਟ ਹੈ। ਇਹ ਭਾਰਤ ਵਿਚ ਨਿਵੇਸ਼ ਅਤੇ ਨਿਰਮਾਣ ਦਾ ਸਭ ਤੋਂ ਸਹੀ ਸਮਾਂ ਹੈ। ਇਸ ਮੌਕੇ ਕੇਂਦਰੀ ਸੰਚਾਰ ਮੰਤਰੀ ਜਿਓਤਿਰਾ ਦਿੱਤਿਆ ਸਿੰਧੀਆ ਨੇ ਕਿਹਾ ਕਿ ਅੱਜ ਦੁਨੀਆ ਦੇ 20 ਦੇਸ਼ ਭਾਰਤ ਦੇ ਡਿਜੀਟਲ ਮਾਡਲ ਨੂੰ ਅਪਨਾਉਣ ਦੇ ਲਈ ਚਰਚਾ ਕਰ ਰਹੇ ਹਨ।

