
ਤਿੰਨ ਨਵੇਂ ਬੁਲਾਰਿਆਂ ਦੀ ਵੀ ਕੀਤੀ ਗਈ ਹੈ ਨਿਯੁਕਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ‘ਕਾਕਰੋਚ ਜਨਤਾ ਪਾਰਟੀ’ ਨੇ ਆਪਣੇ ਸੰਗਠਨ ਦੇ ਵਿਸਥਾਰ ਲਈ ਵੱਡਾ ਕਦਮ ਚੁੱਕਦਿਆਂ ਤਿੰਨ ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਨੇ ਇਸਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖਿਆ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੀ ਪਹੁੰਚ ਅਤੇ ਪ੍ਰਭਾਵ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਵਲੋਂ ਜਾਰੀ ਜਾਣਕਾਰੀ ਅਨੁਸਾਰ, ਖੋਜੀ ਪੱਤਰਕਾਰ ਸੌਰਵ ਦਾਸ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਾਜਨੀਤਕ ਖੋਜਕਰਤਾ ਅਤੇ ਫਿਲਮ ਨਿਰਮਾਤਾ ਵਿਜੇਤਾ ਦਹੀਆ ਅਤੇ ਸਾਬਕਾ ਪ੍ਰਬੰਧਨ ਸਲਾਹਕਾਰ ਆਸ਼ੂਤੋਸ਼ ਰਾਂਕਾ ਮੀਡੀਆ ਅਤੇ ਜਨਤਕ ਮੰਚਾਂ ’ਤੇ ਸੰਗਠਨ ਦੀ ਨੁਮਾਇੰਦਗੀ ਕਰਨਗੇ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ, ਜਦੋਂ ਅਭਿਜੀਤ ਦੀਪਕੇ ਆਉਂਦੀ 6 ਜੂਨ ਨੂੰ ਭਾਰਤ ਪਰਤਣ ਵਾਲੇ ਹਨ। ਪਾਰਟੀ ਦਾ ਕਹਿਣਾ ਹੈ ਕਿ ਉਹ ਨੀਟ ਪੇਪਰ ਲੀਕ ਅਤੇ ਸੀ.ਬੀ.ਐਸ.ਈ. ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰੇਗੀ।

