ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮਾਲਵੀਆ ਨਗਰ ਵਿਚ ਬੁੱਧਵਾਰ ਸਵੇਰੇ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 11 ਵਿਦੇਸ਼ੀ ਵਿਅਕਤੀ ਵੀ ਸ਼ਾਮਲ ਹਨ। ਦਿੱਲੀ ਫਾਇਰ ਸਰਵਿਸ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਅੱਗ ਬੁੱਧਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਲੱਗੀ ਅਤੇ ਇਹ ਅੱਗ ਰੈਸਟੋਰੈਂਟ ਦੇ ਉਪਰ ਬਣੇ ਹੋਟਲ ਤੱਕ ਪਹੁੰਚ ਗਈ। ਕਈ ਵਿਅਕਤੀਆਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਛਾਲਾਂ ਮਾਰ ਦਿੱਤੀਆਂ। ਦੱਸਣਯੋਗ ਹੈ ਕਿ ਪਿਛਲੇ 6 ਮਹੀਨਿਆਂ ਦੌਰਾਨ ਦਿੱਲੀ ‘ਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿਚ 66 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਦਿੱਲੀ ਵਿਚ ਵਾਪਰੀ ਇਸ ਅੱਗ ਲੱਗਣ ਦੀ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਘਟਨਾ ਵਿਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀ ਹੋਏ ਹਰ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਬਿਮਾਰ ਪਿਤਾ ਦੀ ਸੇਵਾ ਕਰਨ ਆਇਆ ਪੂਰਾ ਪਰਿਵਾਰ ਹੋਟਲ ਦੀ ਅੱਗ ‘ਚ ਸੜਿਆ
ਨਵੀਂ ਦਿੱਲੀ : ਦਿੱਲੀ ਦੇ ਮਾਲਵੀਆ ਨਗਰ ਵਿਚ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਹਸਪਤਾਲ ਵਿਚ ਦਾਖਲ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰਨ ਲਈ ਦਿੱਲੀ ਪਹੁੰਚਿਆ ਇਕ ਹੱਸਦਾ-ਵਸਦਾ ਪਰਿਵਾਰ ਵੀ ਦਰਦਨਾਕ ਮੌਤ ਦਾ ਸ਼ਿਕਾਰ ਹੋ ਜਾਵੇਗਾ। ਹੋਟਲ ਵਿਚ ਲੱਗੀ ਭਿਆਨਕ ਅੱਗ ਨੇ ਗੁਰੂਗਰਾਮ ਦੇ ਅਗਰਵਾਲ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਕੁਝ ਹੀ ਪਲਾਂ ਵਿਚ ਰਾਖ ਕਰ ਦਿੱਤਾ। ਵਿਵੇਕ ਅਗਰਵਾਲ, ਉਨ੍ਹਾਂ ਦੀ ਪਤਨੀ ਤਰਜਨੀ, ਦੋ ਮਾਸੂਮ ਧੀਆਂ ਜਿਵੀਸ਼ਾ ਤੇ ਵਾਰਿਆ ਅਤੇ ਵਿਵੇਕ ਦੀ ਬਜ਼ੁਰਗ ਮਾਂ ਹੇਮ ਲਤਾ ਵੀ ਇਸ ਅੱਗ ਦੀ ਲਪੇਟ ਵਿਚ ਆ ਗਈ ਅਤੇ ਇਸ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੇ ਗਈ। ਇਹ ਪਰਿਵਾਰ ਇਸ ਹੋਟਲ ਵਿਚ ਰੁਕਿਆ ਸੀ ਕਿ ਉਹ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਕਰ ਸਕਣ।

