ਮੁਲਜ਼ਮਾਂ ਦਾ 7 ਰੋਜ਼ਾ ਪੁਲਿਸ ਰਿਮਾਂਡ; ਯੂਨੀਵਰਸਿਟੀ 24 ਤੱਕ ਬੰਦ; ਦੋ ਵਾਰਡਨ ਮੁਅੱਤਲ
ਖਰੜ : ਮੁਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਸਾਥੀ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਮਾਮਲੇ ਦੀ ਜਾਂਚ ਲਈ ਮਹਿਲਾਵਾਂ ‘ਤੇ ਆਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰ ਦਿੱਤੀ ਗਈ ਹੈ। ‘ਸਿਟ’ ਦੀ ਨਿਗਰਾਨੀ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਕਰਨਗੇ। ਇਸ ਦੌਰਾਨ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਤੇ ਦੋ ਹੋਰਨਾਂ ਨੂੰ ਸੱਤ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ, ਜਦੋਂਕਿ ਨਿੱਜੀ ਯੂਨੀਵਰਸਿਟੀ 24 ਸਤੰਬਰ ਤੱਕ ਬੰਦ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਨੇ ਅਣਗਹਿਲੀ ਦੇ ਆਰੋਪ ਵਿੱਚ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਕਈ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਮੁੜ ਗਏ ਜਦੋਂਕਿ ਕੁਝ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਮਾਪੇ ਲੰਘੇ ਦਿਨੀਂ ਹੀ ਕੈਂਪਸ ਤੋਂ ਲੈ ਗਏ ਸਨ।
ਇਸ ਤੋਂ ਪਹਿਲਾਂ ਨਿਰਪੱਖ ਤੇ ਪਾਰਦਰਸ਼ੀ ਜਾਂਚ ਅਤੇ ਕੁਝ ਹੋਰ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੋਮਵਾਰ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀਜੀਪੀ ਗੌਰਵ ਯਾਦਵ ਨੇ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਿੱਟ ਦੀ ਅਗਵਾਈ ਐੱਸਪੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਕਰਨਗੇ। ਦੋ ਹੋਰਨਾਂ ਮੈਂਬਰਾਂ ਵਿੱਚ ਡੀਐੱਸਪੀ ਖਰੜ-1 ਰੁਪਿੰਦਰ ਕੌਰ ਅਤੇ ਡੀਐੱਸਪੀ ਏਜੀਟੀਐੱਫ ਦੀਪਿਕਾ ਸਿੰਘ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।
ਚੰਡੀਗੜ੍ਹ ਯੂਨੀਵਰਸਿਟੀ ਦਾ ਹੋਸਟਲ ਛੱਡ ਕੇ ਘਰ ਪਰਤਣ ਲੱਗੀਆਂ ਵਿਦਿਆਰਥਣਾਂ
6 ਦਿਨ ਤੱਕ ਨਹੀਂ ਹੋਵੇਗੀ ਪੜ੍ਹਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਪੜ੍ਹਨ ਵਾਲੀਆਂ 60 ਤੋਂ ਜ਼ਿਆਦਾ ਵਿਦਿਆਰਥਣਾਂ ਦੇ ਨਹਾਉਣ ਦਾ ਵੀਡੀਓ ਵਾਇਰਲ ਹੋਣ ਦਾ ਮਾਮਲਾ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿਚ ਵਿਦਿਆਰਥੀਆਂ ਦਾ ਧਰਨਾ ਵੀ ਪੁਲਿਸ ਪ੍ਰਸ਼ਾਸਨ ਨਾਲ ਸਮਝੌਤੇ ਤੋਂ ਬਾਅਦ ਲੰਘੀ ਦੇਰ ਰਾਤ ਡੇਢ ਵਜੇ ਖਤਮ ਹੋ ਗਿਆ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਯੂਨੀਵਰਸਿਟੀ ਵਿਚ 24 ਸਤੰਬਰ ਤੱਕ ਨਾਨ ਟੀਚਿੰਗ ਡੇਅ ਐਲਾਨ ਦਿੱਤਾ ਗਿਆ ਹੈ ਅਤੇ ਹੁਣ 6 ਦਿਨਾਂ ਤੱਕ ਯੂਨੀਵਰਸਿਟੀ ‘ਚ ਪੜ੍ਹਾਈ ਨਹੀਂ ਹੋਵੇਗੀ। ਇਸ ਗੰਭੀਰ ਮਾਮਲੇ ਨੂੰ ਦੇਖ ਕੇ ਸਹਿਮੀਆਂ ਵਿਦਿਆਰਥਣਾਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਵੇਰੇ ਹੀ ਯੂਨੀਵਰਸਿਟੀ ਪਹੁੰਚ ਗਏ ਸਨ। ਇਸ ਮਾਮਲੇ ਵਿਚ ਆਰੋਪੀ ਦੋ ਨੌਜਵਾਨਾਂ ਨੂੰ ਹਿਮਾਚਲ ਪੁਲਿਸ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਵਿਚੋਂ ਇਕ ਨੌਜਵਾਨ ਨੂੰ ਸ਼ਿਮਲਾ ਤੋਂ ਅਤੇ ਦੂਜੇ ਨੂੰ ਰੋਹੜੂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਰਾਤ ਸਮੇਂ ਮੋਬਾਇਲਾਂ ਦੀਆਂ ਲਾਈਟਾਂ ਜਲਾ ਕੇ ਰੋਸ ਪ੍ਰਦਰਸ਼ਨ ਕੀਤਾ। ਧਿਆਨ ਰਹੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਪਹੁੰਚ ਗਏ ਸਨ।
ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਡੀਜੀਪੀ
ਚੰਡੀਗੜ੍ਹ : ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਸਰਗਰਮੀ ਨਾਲ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਤਵਾਰ ਦੇਰ ਸ਼ਾਮ ਸਬੰਧਤ ਵਿਦਿਆਰਥਣ ਅਤੇ ਹਿਮਾਚਲ ਪ੍ਰਦੇਸ਼ ਰਹਿੰਦੇ ਉਸ ਦੇ ਦੋਸਤ ਤੇ ਇਕ ਹੋਰ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਪੰਜਾਬ ਪੁਲਿਸ ਨੂੰ ਦਿੱਤੇ ਸਹਿਯੋਗ ਲਈ ਹਿਮਾਚਲ ਪ੍ਰਦੇਸ਼ ਪੁਲੀਸ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਭਾਈਚਾਰੇ ਨੂੰ ਅਮਨ-ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਸਬੰਧਤ ਵਿਦਿਆਰਥੀਆਂ ਦੀ ਨਿੱਜਤਾ ਅਤੇ ਸਨਮਾਨ ਦੀ ਰੱਖਿਆ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਲਈ ਸਿਰਫ ਪ੍ਰਮਾਣਿਕ ਚੈਨਲਾਂ ‘ਤੇ ਭਰੋਸਾ ਕਰਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ।
ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਤਿੰਨੋਂ ਮੁਲਜ਼ਮ 7 ਦਿਨ ਦੇ ਰਿਮਾਂਡ ‘ਤੇ
ਖਰੜ : ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਗ੍ਰਿਫਤਾਰ ਤਿੰਨੋਂ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੋਂ ਅਦਾਲਤ ਨੇ ਇਨ੍ਹਾਂ ਤਿੰਨੋ ਮੁਲਜ਼ਮਾਂ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਸ਼ਿਮਲਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਪੁਲਿਸ ਨੇ ਮੁਲਜ਼ਮ ਲੜਕੀ ਨੂੰ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਸੀ। ਇਸੇ ਦੌਰਾਨ ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਹੋਈ ਘਟਨਾ ਦੀ ਅੱਗ ਸੂਬੇ ਦੀਆਂ ਹੋਰ ਯੂਨੀਵਰਸਿਟੀਆਂ ਤੱਕ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇਨਸਾਫ ਦੀ ਮੰਗ ਕਰਦਿਆਂ ਰੋਸ ਮਾਰਚ ਕੀਤਾ। ਵਿਦਿਆਰਥੀਆਂ ਨੇ ਇਸ ਮੌਕੇ ਹੱਥਾਂ ਵਿਚ ਬੈਨਰ ਵੀ ਫੜੇ ਹੋਏ ਸਨ।