Breaking News
Home / ਪੰਜਾਬ / ਚੰਨੀ ਨੂੰ ਦਿਨ-ਰਾਤ ਆ ਰਹੇ ਹਨ ‘ਆਪ’ ਦੇ ਸੁਫਨੇ : ਕੇਜਰੀਵਾਲ

ਚੰਨੀ ਨੂੰ ਦਿਨ-ਰਾਤ ਆ ਰਹੇ ਹਨ ‘ਆਪ’ ਦੇ ਸੁਫਨੇ : ਕੇਜਰੀਵਾਲ

ਕੇਜਰੀਵਾਲ ਨੇ ‘ਆਪ’ ਦੀ ਸਰਕਾਰ ਬਣਨ ‘ਤੇ ਬੇਅਦਬੀ ਮਾਮਲੇ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦਾ ਕੀਤਾ ਵਾਅਦਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ਵਿਚ ਸਰਹੱਦ ਦੀ ਸੁਰੱਖਿਆ ਲਈ ਕੇਂਦਰ ਨਾਲ ਮਿਲ ਕੇ ਕੰਮ ਕਰੇਗੀ। ਦੇਸ਼ ਦੀ ਸੁਰੱਖਿਆ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਅੰਮ੍ਰਿਤਸਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਦਿਨ-ਰਾਤ ਸਿਰਫ ‘ਆਪ’ ਦੇ ਹੀ ਸੁਫ਼ਨੇ ਆਉਂਦੇ ਹਨ ਅਤੇ ਆਪਣੀਆਂ ਸਾਰੀਆਂ ਮੀਟਿੰਗਾਂ ਵਿੱਚ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਹੀ ਗਾਲ੍ਹਾਂ ਕੱਢਦੇ ਹਨ। ਉਹ ਸੁਖਬੀਰ ਬਾਦਲ ਅਤੇ ਭਾਜਪਾ ਨੂੰ ਕੁਝ ਨਹੀਂ ਕਹਿੰਦੇ। ਉਨ੍ਹਾਂ ਕਿਹਾ ਕਿ ਸੁਖਬੀਰ ਵੀ ਸਿਰਫ ‘ਆਪ’ ਨੂੰ ਨਿਸ਼ਾਨ ਬਣਾ ਰਹੇ ਹਨ। ਉਹ ਭਾਜਪਾ ਖਿਲਾਫ ਕੁਝ ਨਹੀਂ ਬੋਲਦੇ। ਲੰਘੇ ਦਿਨੀਂ ਪ੍ਰਿਅੰਕਾ ਗਾਂਧੀ ਅਤੇ ਅਮਿਤ ਸ਼ਾਹ ਵੀ ਸਿਰਫ ‘ਆਪ’ ਨੂੰ ਹੀ ਕੋਸਦੇ ਰਹੇ। ਇਹ ਸਾਰੇ ਮਿਲ ਕੇ ਕਿਸੇ ਵੀ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦਾ ਸਿੱਖਿਆ ਅਤੇ ਮੈਡੀਕਲ ਸਿਸਟਮ ਠੀਕ ਕਰਨਾ ਹੈ। ਬਿਜਲੀ, ਪਾਣੀ ਅਤੇ ਖੇਤੀ ਦੀ ਹਾਲਤ ਸੁਧਾਰਨਾ ਹੈ। ‘ਆਪ’ ਦੀ ਸਰਕਾਰ ਬਣਨ ‘ਤੇ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਦੁਬਾਰਾ ਕੋਈ ਵੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਵੰਡੀ ਜਾਣ ਵਾਲੀ ਸ਼ਰਾਬ ਅਤੇ ਪੈਸੇ ਤੋਂ ਸੁਚੇਤ ਕੀਤਾ। ਉਨ੍ਹਾਂ ਆਰੋਪ ਲਾਇਆ ਕਿ ਕਾਂਗਰਸ ਆਪਸ ਵਿਚ ਪਾਟੋਧਾੜ ਹੋਈ ਪਾਰਟੀ ਹੈ, ਜਿਸ ਦੇ ਆਪਣੇ ਆਗੂ ਹੀ ਇੱਕ-ਦੂਜੇ ਨੂੰ ਹਰਾਉਣ ਲਈ ਲੱਗੇ ਹੋਏ ਹਨ। ਇਸ ਲਈ ਅਜਿਹੀ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ।
ਹਰ ਪਰਿਵਾਰ ਨੂੰ ਸੱਤ ਲੱਖ ਰੁਪਏ ਦਾ ਲਾਭ ਪਹੁੰਚਾਵਾਂਗੇ
ਫਗਵਾੜਾ : ਅਰਵਿੰਦ ਕੇਜਰੀਵਾਲ ਨੇ ਫਗਵਾੜਾ ਤੋਂ ‘ਆਪ’ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਬਣਾ ਕੇ ਹਰ ਪਰਿਵਾਰ ਨੂੰ ਪੰਜ ਸਾਲਾਂ ‘ਚ ਵੱਖ-ਵੱਖ ਸਕੀਮਾਂ ਤਹਿਤ ਲਗਪਗ ਸੱਤ ਲੱਖ ਰੁਪਏ ਦਾ ਲਾਭ ਪਹੁੰਚਾਏਗੀ। ਇਸੇ ਤਰ੍ਹਾਂ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਮੁਹੱਲਾ ਕਲੀਨਿਕ, ਇੱਕ ਹਜ਼ਾਰ ਰੁਪਏ ਪ੍ਰਤੀ ਮਹਿਲਾ ਅਤੇ ਸਸਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟ ਕੇ ਖਾਧਾ ਹੈ ਪਰ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਨੇ ਇਸ ਵਾਰ ‘ਆਪ’ ਦੀ ਸਰਕਾਰ ਲਿਆਉਣ ਦਾ ਮੰਨ ਬਣਾ ਲਿਆ ਹੈ।

 

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …