ਬੰਗਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਖਟਕੜ ਕਲਾਂ ਵੀ ਪੁੱਜੇ। ਇਸ ਮੌਕੇ ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਯਾਦਗਾਰੀ ਸਮਾਰਕ ‘ਤੇ ਨਮਨ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਨੇ ਸ਼ਹੀਦਾਂ ਦੇ ਮਿਸ਼ਨ ‘ਤੇ ਅਮਲ ਕਰਨ ਦੀ ਜਗ੍ਹਾ ਉਨ੍ਹਾਂ ਦੇ ਨਾਂ ‘ਤੇ ਸਿਆਸਤ ਕੀਤੀ ਹੈ। ਸ਼ਹੀਦਾਂ ਦੇ ਸੁਫ਼ਨੇ ਸਾਕਾਰ ਕਰਨ ਲਈ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲੀ ਵਾਰ ਸੰਸਦ ਮੈਂਬਰ ਬਣ ਕੇ ਸਭ ਤੋਂ ਪਹਿਲਾਂ ਖਟਕੜ ਕਲਾਂ ਨਮਨ ਕਰਨ ਆਏ ਸਨ ਅਤੇ ਪ੍ਰਮਾਣ ਪੱਤਰ ਸ਼ਹੀਦ ਭਗਤ ਸਿੰਘ ਦੇ ਚਰਨਾਂ ‘ਚ ਸਪੁਰਦ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਇੱਥੋਂ ‘ਆਪ’ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਦੇ ਹੱਕ ‘ਚ ਸਥਾਨਕ ਦਾਣਾ ਮੰਡੀ ‘ਚ ਜੁੜੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਸ ਵੇਲੇ ਸਿਰਫ਼ ਆਮ ਆਦਮੀ ਪਾਰਟੀ ਦੇ ਖਿਲਾਫ ਬੋਲ ਰਹੀਆਂ ਹਨ। ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਬਿਨਾਂ ਕੁਝ ਨਜ਼ਰ ਨਹੀਂ ਆ ਰਿਹਾ। ‘ਆਪ’ ਦਾ ਵਿਰੋਧ ਕਰਨ ਲਈ ਸਾਰੇ ਰਲੇ ਹੋਏ ਹਨ ਅਤੇ ਮਨਘੜਤ ਕਹਾਣੀਆਂ ਬਣਾ ਕੇ ‘ਆਪ’ ਨੂੰ ਨਿੰਦ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਦਾ ਮਾਹੌਲ ਬਣ ਚੁੱਕਾ ਹੈ ਅਤੇ ਲੋਕ ਸੱਚ ਦੇ ਹੱਕ ‘ਚ ਭੁਗਤਣਗੇ। ਉਨ੍ਹਾਂ ਨਵਾਂ ਸ਼ਹਿਰ-ਫਗਵਾੜਾ ਮੁੱਖ ਮਾਰਗ ‘ਤੇ ਰੋਡ ਸ਼ੋਅ ਵੀ ਕੀਤਾ।
ਭਗਵੰਤ ਮਾਨ ਨੇ ਭਦੌੜ ਅਤੇ ਮੋਗਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਕੀਤਾ ਰੋਡ ਸ਼ੋਅ
ਚੰਨੀ ਨਾਲ ਆਪਣੀ ਜਾਇਦਾਦ ਵਟਾਉਣ ਲਈ ਤਿਆਰ ਹਾਂ: ਭਗਵੰਤ ਮਾਨ
ਭਦੌੜ : ਸੰਸਦ ਮੈਂਬਰ ਭਗਵੰਤ ਮਾਨ ਨੇ ਭਦੌੜ ਤੋਂ ‘ਆਪ’ ਦੇ ਉਮੀਦਵਾਰ ਲਾਭ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਚੰਨੀ ਦੀ ਚੁਣੌਤੀ ਕਬੂਲ ਕਰਦਿਆਂ ਕਿਹਾ ਕਿ ਉਹ ਚੰਨੀ ਨਾਲ ਆਪਣੀ ਜਾਇਦਾਦ ਵਟਾਉਣ ਲਈ ਤਿਆਰ ਹਨ ਪਰ ਨਾਲ ਹੀ ਚੰਨੀ ਆਪਣੇ ਭਾਣਜਿਆਂ ਤੇ ਭਤੀਜਿਆਂ ਦੀ ਜਾਇਦਾਦ ਵੀ ਵਟਾਉਣ। ਮਾਨ ਨੇ ਕਿਹਾ ਕਿ ਭਦੌੜ, ਸਾਹਿਤਕਾਰਾਂ ਤੇ ਇਨਕਲਾਬੀ ਲੋਕਾਂ ਦਾ ਹਲਕਾ ਹੈ, ਜਿਸ ‘ਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਮੁੜ ਇਤਿਹਾਸ ਸਿਰਜਣ ਦੀ ਅਪੀਲ ਕੀਤੀ।
ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਗਾ ਜ਼ਿਲ੍ਹੇ ਦੇ ਉਮੀਦਵਾਰਾਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਸੁਖਾਨੰਦ ਤੇ ਡਾ. ਅਮਨਦੀਪ ਅਰੋੜਾ ਦੇ ਹੱਕ ਵਿੱਚ ਰੋਡ ਸ਼ੋਅ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਪੰਜਾਬ ‘ਚੋਂ 70 ਸਾਲਾਂ ਦੇ ਸਿਆਸੀ ਭ੍ਰਿਸ਼ਟਾਚਾਰ ਨੂੰ ‘ਝਾੜੂ’ ਨਾਲ ਸਾਫ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਸੂਬੇ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ੍ਹ ਕੇ ਪੰਜਾਬ ਲੁੱਟਦੇ ਆ ਰਹੇ ਹਨ। ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਅਤੇ ਅਮੀਰ ਹੋਣ ਦੀ ਲਾਲਸਾ ਕਾਰਨ ਅੱਜ ਪੰਜਾਬ ਤਿੰਨ ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਦਾਰ ਹੈ। ਹੁਣ ਪੰਜਾਬ ਸਰਕਾਰ ਦਾ ਖਜ਼ਾਨਾ ਭਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਪੰਜਾਬ ਦੇ ਸਾਧਨਾਂ ‘ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਸਰਕਾਰ ਨੂੰ ਆਮਦਨ ਹੋਣ ਦੀ ਜਗ੍ਹਾ ਇਹ ਖ਼ਜ਼ਾਨਾ ਸਿਆਸੀ ਆਗੂਆਂ ਦੇ ਘਰਾਂ ਦੀ ਤਿਜੋਰੀ ਵਿੱਚ ਬੰਦ ਹੋ ਰਿਹਾ ਹੈ।
Check Also
ਕਿਸਾਨ ਆਗੂਆਂ ਦੀ ਬੈਠਕ ਰਹੀ ਬੇਨਤੀਜਾ ਅਤੇ ਅਗਲੇ ਗੇੜ ਦੀ ਬੈਠਕ 18 ਨੂੰ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ ਪਟਿਆਲਾ/ਬਿਊਰੋ ਨਿਊਜ਼ ਸੰਯੁਕਤ …